ਪੁਲੀਸ ਨੂੰ ਅਧਿਕਾਰ ਖੇਤਰ ’ਚ ਉਲਝਾ ਕੇ ਮੁਲਜ਼ਮ ਫ਼ਰਾਰ
ਸਰਹੱਦੀ ਖੇਤਰ ਦੇ ਪਿੰਡ ਭੰਡਾਲ ਦੀ ਇੱਕ ਬਹਿਕ (ਡੇਰੇ) ’ਤੇ ਨਾਜਾਇਜ਼ ਸ਼ਰਾਬ ਕੱਢ ਰਹੇ ਚਾਰ ਵਿਅਕਤੀਆਂ ਨੇ ਛਾਪਾ ਮਾਰਨ ਆਈ ਪੁਲੀਸ ਪਾਰਟੀ ਨੂੰ ਅਧਿਕਾਰ ਖੇਤਰ ਵਿੱਚ ਉਲਝਾ ਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਥਾਣਾ ਵਲਟੋਹਾ ਦੀ ਪੁਲੀਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਸਹੀ ਅਧਿਕਾਰ ਖੇਤਰ ਵਾਲੇ ਥਾਣੇ ਨੂੰ ਕਾਰਵਾਈ ਕਰਨੀ ਪਈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਵਲਟੋਹਾ ਦੇ ਮੁਖੀ ਸਬ-ਇੰਸਪੈਕਟਰ ਗੁਰਮੁੱਖ ਸਿੰਘ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਭੰਡਾਲ ਦੀ ਬਹਿਕ ’ਤੇ ਨਾਜਾਇਜ਼ ਸ਼ਰਾਬ ਕੱਢੀ ਜਾ ਰਹੀ ਹੈ। ਇਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਸ਼ੁੱਕਰਵਾਰ ਰਾਤ ਨੂੰ ਛਾਪਾ ਮਾਰਿਆ। ਮੌਕੇ ’ਤੇ ਪਿੰਡ ਭੰਡਾਲ ਦੇ ਵਸਨੀਕ ਸਵਰਨਜੀਤ ਸਿੰਘ, ਉਸ ਦੇ ਦੋ ਲੜਕੇ ਦੀਪਕ ਕੁਮਾਰ ਤੇ ਸੰਦੀਪ ਕੁਮਾਰ ਅਤੇ ਇੱਕ ਹੋਰ ਸਾਥੀ ਰਣਜੋਧ ਸਿੰਘ ਜੋਧਾ ਭੱਠੀ ਲਗਾ ਕੇ ਨਾਜਾਇਜ਼ ਸ਼ਰਾਬ ਕੱਢ ਰਹੇ ਸਨ।
ਜਦੋਂ ਪੁਲੀਸ ਨੇ ਉਨ੍ਹਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਵਲਟੋਹਾ ਦੀ ਪੁਲੀਸ ਦੇ ਅਧਿਕਾਰ ਖੇਤਰ ’ਤੇ ਹੀ ਸਵਾਲ ਖੜ੍ਹਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਹਿਕ ਦਾ ਇਲਾਕਾ ਥਾਣਾ ਖਾਲੜਾ ਦੀ ਰਾਜੋਕੇ ਪੁਲੀਸ ਚੌਕੀ ਅਧੀਨ ਆਉਂਦਾ ਹੈ, ਇਸ ਲਈ ਥਾਣਾ ਵਲਟੋਹਾ ਦੀ ਪੁਲੀਸ ਇੱਥੇ ਕਾਰਵਾਈ ਨਹੀਂ ਕਰ ਸਕਦੀ। ਇਸ ’ਤੇ ਥਾਣਾ ਵਲਟੋਹਾ ਦੇ ਮੁਖੀ ਨੇ ਆਪਣੀ ਗਲਤੀ ਮੰਨਦਿਆਂ ਤੁਰੰਤ ਰਾਜੋਕੇ ਪੁਲੀਸ ਚੌਕੀ ਦੇ ਇੰਚਾਰਜ ਏ.ਐੱਸ.ਆਈ. ਸ਼ਿੰਗਾਰਾ ਸਿੰਘ ਨੂੰ ਮੌਕੇ ’ਤੇ ਬੁਲਾਇਆ। ਇਸੇ ਹਫੜਾ-ਦਫੜੀ ਅਤੇ ਅਧਿਕਾਰ ਖੇਤਰ ਦੀ ਉਲਝਣ ਦਾ ਫਾਇਦਾ ਚੁੱਕਦਿਆਂ ਚਾਰੇ ਮੁਲਜ਼ਮ ਪੁਲੀਸ ਪਾਰਟੀ ’ਤੇ ਹਮਲਾ ਕਰਕੇ ਮੌਕੇ ਤੋਂ ਫ਼ਰਾਰ ਹੋ ਗਏ। ਬਾਅਦ ਵਿੱਚ ਏ ਐੱਸ ਆਈ ਸ਼ਿੰਗਾਰਾ ਸਿੰਘ ਨੇ ਸ਼ਨਿਚਰਵਾਰ ਨੂੰ ਚਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।