ਦੋ ਭਗੌੜੇ ਗੈਂਗਸਟਰਾਂ ਦਾ ਸਹਿਯੋਗੀ ਗ੍ਰਿਫ਼ਤਾਰ
ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਦੋ ਵਿਦੇਸ਼ੀ ਭਗੌੜੇ ਗੈਂਗਸਟਰਾਂ ਦੇ ਇੱਕ ਮੁੱਖ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੱਕ ਕਤਲ ਮਾਮਲੇ ’ਚ ਲੋੜੀਂਦਾ ਸੀ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਗ੍ਰਿਫ਼ਤਾਰੀ ਲੁਧਿਆਣਾ ਦੇ ਦਿਹਾਤੀ ਇਲਾਕੇ ਤੋਂ ਹੋਈ ਹੈ। ਡੀ ਜੀ ਪੀ ਗੌਰਵ ਯਾਦਵ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਪੰਜਾਬ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਦੋ ਗੈਂਗਸਟਰਾਂ ਦੇ ਸਾਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਲੁਧਿਆਣਾ ਦਿਹਾਤੀ ਇਲਾਕੇ ’ਚ ਪੁਲੀਸ ਦੀ ਟੀਮ ਵੱਲੋਂ ਮੁਲਜ਼ਮਾਂ ਨੂੰ ਹਿਰਾਸਤ ’ਚ ਲੈਣ ਦੀ ਕੋਸ਼ਿਸ਼ ਦੌਰਾਨ ਸੰਖੇਪ ਗੋਲੀਬਾਰੀ ਕੀਤੀ ਗਈ ਜਿਸ ਤੋਂ ਬਾਅਦ ਭਗੌੜੇ ਵਿਦੇਸ਼ੀ ਗੈਂਗਸਟਰ ਡੋਨੀ ਬੱਲ ਤੇ ਮੁੰਨ ਘਣਸ਼ਾਮਪੁਰੀਆ ਦੇ ਇੱਕ ਮੁੱਖ ਸਹਿਯੋਗੀ ਗੁਰਪ੍ਰੀਤ ਸਿੰਘ ਉਰਫ਼ ਵਿੱਕੀ ਨਿਹੰਗ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।’ ਡੀ ਜੀ ਪੀ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਲੁਧਿਆਣਾ ’ਚ ਸੋਸ਼ਲ ਮੀਡੀਆ ਇਨਫਲੁਐਂਸਰ ਕਾਰਤਿਕ ਬੱਗਨ ਦੀ ਹੱਤਿਆ ਦੇ ਸਿਲਸਿਲੇ ’ਚ ਲੋੜੀਂਦਾ ਸੀ। ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲਗਦਾ ਹੈ ਕਿ ਉਸ ਦਾ ਅਪਰਾਧਿਕ ਪਿਛੋਕੜ ਰਿਹਾ ਹੈ ਅਤੇ ਉਸ ਨੂੰ ਇਸ ਤੋਂ ਪਹਿਲਾਂ ਜਨਵਰੀ 2025 ’ਚ ਮੁਹਾਲੀ ’ਚ ਦੋ ਗ਼ੈਰਕਾਨੂੰਨੀ ਵਿਦੇਸ਼ੀ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।