ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Accident: ਨਹਿਰ ਵਿੱਚੋਂ ਪਤੀ-ਪਤਨੀ ਦੀਆਂ ਲਾਸ਼ਾਂ ਬਰਾਮਦ

ਨਹਿਰ ’ਚ ਡਿੱਗੀ ਸੀ ਕਾਰ; ਐੱਨਡੀਆਰਐੱਫ ਦੀਆਂ ਟੀਮਾਂ ਨੇ 15 ਘੰਟਿਆਂ ਬਾਅਦ ਕਾਰ ਅਤੇ ਲਾਸ਼ਾਂ ਨੂੰ ਕੱਢਿਆ
Advertisement

 

ਪਿੰਡ ਫਿੱਡੇ ਕਲਾਂ ਕੋਲ ਸਰਹਿੰਦ ਨਹਿਰ ਵਿੱਚ ਡਿੱਗੀ ਕਾਰ ਨੂੰ 15 ਘੰਟਿਆਂ ਦੀ ਮੁਸ਼ੱਕਤ ਨਾਲ ਐਨਡੀਆਰਐਫ ਦੀਆਂ ਟੀਮਾਂ ਨੇ ਬਾਹਰ ਕੱਢ ਲਿਆ ਹੈ ਅਤੇ ਉਸ ਵਿਚੋਂ ਕਾਰ ਸਵਾਰ ਪਤੀ ਪਤਨੀ ਦੀਆਂ ਵੀ ਲਾਸ਼ਾਂ ਵੀ ਮਿਲ ਗਈਆਂ ਹਨ। ਮ੍ਰਿਤਕਾਂ ਦੀ ਪਛਾਣ ਭਾਰਤੀ ਫੌਜ ਦੇ ਜਵਾਨ ਬਲਜੀਤ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵਜੋਂ ਹੋਈ ਹੈ। ਦੋਨੇ ਜ਼ਿਲ੍ਹੇ ਦੇ ਪਿੰਡ ਸਾਧਾਂਵਾਲਾ ਦੇ ਰਹਿਣ ਵਾਲੇ ਸਨ ਅਤੇ ਫੌਜੀ ਛੁੱਟੀ ਆਇਆ ਹੋਇਆ ਸੀ ਉਸ ਨੇ ਸੋਮਵਾਰ ਨੂੰ ਆਪਣੀ ਡਿਊਟੀ ’ਤੇ ਜਾਣਾ ਸੀ। ਪਿੰਡ ਫਿੱਡੇ ਕਲਾਂ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਫੌਜੀ ਬਲਜੀਤ ਸਿੰਘ ਆਪਣੀ ਪਤਨੀ ਸਮੇਤ ਉਨ੍ਹਾਂ ਦੇ ਪਿੰਡ ਆਪਣੀ ਰਿਸ਼ਤੇਦਾਰੀ ਵਿੱਚ ਆਇਆ ਸੀ। ਸ਼ਨਿਚਰਵਾਰ ਸ਼ਾਮ ਨੂੰ ਜਦੋਂ ਉਹ ਵਾਪਸ ਜਾ ਰਿਹਾ ਸੀ ਕਿ ਨਹਿਰ ਕਿਨਾਰੇ ਸੜਕ ਖਰਾਬ ਹੋਣ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਨਹਿਰ ਵਿੱਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਗੱਡੀ ਨੂੰ ਕਈ ਮੀਟਰ ਤੱਕ ਲੋਕਾਂ ਨੇ ਪਾਣੀ ਵਿੱਚ ਤੈਰਦੀ ਜਾਂਦੀ ਦੇਖਿਆ ਅਤੇ ਦੋਨਾਂ ਵੱਲੋਂ ਨਿਕਲਣ ਦੀਆਂ ਕੋਸ਼ਿਸ਼ ਕਰਦਿਆਂ ਨੂੰ ਵੀ ਦੇਖਿਆ ਪਰ ਫੇਰ ਅਚਾਨਕ ਕਾਰ ਡੁੱਬ ਗਈ। ਉਨ੍ਹਾਂ ਕਿਹਾ ਕਿ ਨਹਿਰ ਪੱਕੀ ਹੋਈ ਨੂੰ ਪੰਜ ਮਹੀਨੇ ਹੋ ਗਏ ਹਨ ਪਰ ਸਰਕਾਰ ਨੇ ਹਾਲੇ ਤੱਕ ਇਸ ਦੇ ਕਿਨਾਰਿਆਂ ਉਪਰ ਦੀਵਾਰ ਨਹੀਂ ਬਣਾਈ, ਜਿਸ ਕਰਕੇ ਪਹਿਲਾਂ ਵੀ ਇਥੇ ਚਾਰ ਹਾਦਸੇ ਹੋ ਚੁੱਕੇ ਹਨ। ਪਿੰਡ ਵਾਲਿਆਂ ਨੇ ਨਹਿਰ ਦੇ ਸੜਕ ਵਾਲੇ ਪਾਸੇ ਉੱਚੇ ਕਰਨ ਅਤੇ ਦੀਵਾਰ ਬਣਾਉਣ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੂੰ ਕਾਰ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਉਨ੍ਹਾਂ ਤੁਰੰਤ ਐਨਡੀਆਰਐਫ ਨੂੰ ਸੂਚਿਤ ਕੀਤਾ ਅਤੇ ਉਹ ਰਾਤ ਨੂੰ 7 ਵਜੇ ਤੋਂ ਰਾਤ ਦੇ ਡੇਢ ਵਜੇ ਤੱਕ ਲਾਸ਼ਾਂ ਅਤੇ ਕਾਰ ਲੱਭਦੇ ਰਹੇ। ਇਸ ਤੋਂ ਬਾਅਦ ਐਤਵਾਰ ਫਿਰ ਸਵੇਰੇ 7 ਵਜੇ ਹੀ ਉਨ੍ਹਾਂ ਕੰਮ ਸ਼ੁਰੂ ਕੀਤਾ ਅਤੇ 12 ਵਜੇ ਤੱਕ ਕਾਰ ਦਾ ਪਤਾ ਲਗਾ ਲਿਆ। ਸ਼ਾਮ 4 ਵਜੇ ਦੇ ਕਰੀਬ ਜੇਸੀਬੀ ਰਾਹੀਂ ਕਾਰ ਬਾਹਰ ਕੱਢੀ ਗਈ ਤਾਂ ਦੋਵੇਂ ਪਤੀ ਪਤਨੀ ਦੀਆਂ ਲਾਸ਼ਾਂ ਵੀ ਵਿੱਚ ਹੀ ਮਿਲ ਗਈਆਂ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਸ ਹਾਦਸੇ `ਤੇ ਦੁੱਖ ਪ੍ਰਗਟ ਕੀਤਾ ਹੈ।

Advertisement

 

Advertisement
Show comments