ਚੋਣ ਰਿਹਰਸਲ ’ਚ ਹਾਜ਼ਰ ਮੁਲਾਜ਼ਮਾਂ ਨੂੰ ਭੇਜੇ ਗ਼ੈਰ-ਹਾਜ਼ਰੀ ਦੇ ਨੋਟਿਸ
ਗੁਰਦੀਪ ਸਿੰਘ ਲਾਲੀ
ਡੈਮੋਕਰੈਟਿਕ ਟੀਚਰਜ਼ ਫਰੰਟ (ਡੀ ਟੀ ਐੱਫ) ਨੇ ਜ਼ਿਲ੍ਹਾ ਸੰਗਰੂਰ ਵਿੱਚ ਚੋਣ ਪ੍ਰਕਿਰਿਆ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਦਿਆਂ ਪ੍ਰਸ਼ਾਸਨ ਦੀ ਸਖ਼ਤ ਨਿਖੇਧੀ ਕੀਤੀ ਹੈ। ਜਥੇਬੰਦੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੋਣਾਂ ਦਾ ਕੰਮ ਬੁਰੀ ਤਰ੍ਹਾਂ ਵਿਗੜ ਗਿਆ ਹੈ। ਡੀ ਟੀ ਐੱਫ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਸ਼ਿਸ਼ਟ, ਸੂਬਾ ਆਗੂ ਰਘਵੀਰ ਸਿੰਘ ਭਵਾਨੀਗੜ੍ਹ, ਮੇਘ ਰਾਜ, ਦਲਜੀਤ ਸਫੀਪੁਰ, ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ ਅਤੇ ਵਿੱਤ ਸਕੱਤਰ ਕਮਲਜੀਤ ਬਨਭੌਰਾ ਨੇ ਪ੍ਰਸ਼ਾਸਨ ਤੋਂ ਇਸ ਨੂੰ ਤੁਰੰਤ ਦਰੁਸਤ ਕਰਨ ਦੀ ਮੰਗ ਕੀਤੀ ਹੈ।
ਆਗੂਆਂ ਨੇ ਦੱਸਿਆ ਕਿ ਛਾਜਲੀ ਵਿੱਚ ਚੋਣ ਰਿਹਰਸਲ ਦੌਰਾਨ ਹਾਜ਼ਰ ਬਹੁਤ ਸਾਰੇ ਮੁਲਾਜ਼ਮਾਂ ਨੂੰ ਗੈ਼ਰਹਾਜ਼ਰ ਰਹਿਣ ਦੇ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਰਾਜ ਚੋਣ ਕਮਿਸ਼ਨਰ ਵੱਲੋਂ ਬੀ ਐੱਲ ਓਜ਼ (ਬੂਥ ਲੈਵਲ ਅਫ਼ਸਰਾਂ) ਦੀ ਚੋਣ ਡਿਊਟੀ ਸਬੰਧੀ ਵਾਰ-ਵਾਰ ਹਦਾਇਤਾਂ ਬਦਲੀਆਂ ਗਈਆਂ। ਪਹਿਲਾਂ ਡਿਊਟੀ ਕੱਟਣ, ਫਿਰ ਲਾਉਣ ਅਤੇ ਅਖੀਰ ਵਿੱਚ ਤੀਜੇ ਪੱਤਰ ਰਾਹੀਂ ਹਦਾਇਤ ਕੀਤੀ ਗਈ ਕਿ ਰਿਜ਼ਰਵ ਸਟਾਫ ਦੀ ਘਾਟ ਹੋਣ ’ਤੇ ਹੀ ਸਿਰਫ਼ ਲੋੜ ਅਨੁਸਾਰ ਬੀ ਐੱਲ ਓਜ਼ ਦੀ ਡਿਊਟੀ ਲਾਈ ਜਾਵੇ ਪਰ ਸੰਗਰੂਰ ਦੇ ਅਧਿਕਾਰੀ ਇਨ੍ਹਾਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਸਾਰੇ ਬੀ ਐੱਲ ਓਜ਼ ਦੀ ਡਿਊਟੀ ਲਾ ਰਹੇ ਹਨ। ਡੀ ਟੀ ਐੱਫ ਨੇ ਮਹਿਲਾ ਅਧਿਆਪਕਾਂ ਦੀ ਡਿਊਟੀ ਉਨ੍ਹਾਂ ਦੇ ਬਲਾਕਾਂ ਤੋਂ ਦੂਰ ਲਾਉਣ ਦਾ ਵੀ ਸਖ਼ਤ ਵਿਰੋਧ ਕੀਤਾ ਹੈ। ਆਗੂਆਂ ਨੇ ਤਰਕ ਦਿੱਤਾ ਕਿ ਪੰਚਾਇਤ ਚੋਣਾਂ ਦੌਰਾਨ ਮਹਿਲਾਵਾਂ ਦੀ ਡਿਊਟੀ ਬਲਾਕਾਂ ਦੇ ਅੰਦਰ ਹੀ ਲਾਈ ਗਈ ਸੀ ਪਰ ਹੁਣ ਜ਼ਿਲ੍ਹਾ ਪਰਿਸ਼ਦ ਅਤੇ ਸਮਿਤੀ ਚੋਣਾਂ ਵਿੱਚ ਉਨ੍ਹਾਂ ਨੂੰ ਦੂਰ ਭੇਜਿਆ ਜਾ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹੈ।
