ਅਬੋਹਰ: ਲਾਰੈਂਸ ਬਿਸ਼ਨੋਈ ਤੇ ਉਸਦੇ ਨਜ਼ਦੀਕੀ ਸਾਥੀਆਂ ਦੇ ਅੱਡਿਆਂ ’ਤੇ ਛਾਪੇਮਾਰੀ
ਸ੍ਰੀਗੰਗਾਨਗਰ ਜ਼ਿਲ੍ਹਾ ਪੁਲੀਸ ਨੇ ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਨਜ਼ਦੀਕੀ ਸਾਥੀਆਂ ਦੇ ਅੱਡਿਆਂ ’ਤੇ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦਾ ਮੁੱਖ ਉਦੇਸ਼ ਅਪਰਾਧੀਆਂ ਦੇ ਵਿੱਤੀ ਲੈਣ-ਦੇਣ ਦਾ ਪਤਾ ਲਗਾਉਣਾ ਸੀ।
ਇਹ ਛਾਪੇ ਸ੍ਰੀਗੰਗਾਨਗਰ, ਬੀਕਾਨੇਰ ਅਤੇ ਅਬੋਹਰ ਵਿੱਚ ਇੱਕੋ ਸਮੇਂ ਪੰਜ ਘੰਟਿਆਂ ਤੱਕ ਚੱਲੇ।
ਪੁਲੀਸ ਸੁਪਰਡੈਂਟ ਡਾ. ਅਮਰੀਤਾ ਦੁਹਾਨ ਨੇ ਦੱਸਿਆ ਕਿ ਇਹ ਕਾਰਵਾਈ ਵਿਦੇਸ਼ਾਂ ਵਿੱਚ ਲੁਕੇ ਅਪਰਾਧੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰੇਗੀ।
ਪੁਲੀਸ ਕਾਰਵਾਈ ਦੌਰਾਨ ਡੌਗ ਸਕੁਐਡ ਟੀਮ, ਮੈਂਟਲ ਡਿਟੈਕਟਰ ਅਤੇ ਡਰੋਨ ਨਾਲ ਲੈਸ ਪੁਲੀਸ ਟੀਮਾਂ ਨੇ ਅਪਰਾਧੀਆਂ ਦੇ ਘਰਾਂ, ਖੇਤਾਂ ਅਤੇ ਹੋਰ ਅੱਡਿਆਂ ਦੀ ਤਲਾਸ਼ੀ ਲਈ। ਸਥਾਨਕ ਪੁਲੀਸ ਤੋਂ ਇਲਾਵਾ, ਸਪੈਸ਼ਲ ਟਾਸਕ ਫੋਰਸ (STF) ਵੀ ਇਸ ਛਾਪੇਮਾਰੀ ਦਾ ਹਿੱਸਾ ਸੀ।
ਛਾਪੇਮਾਰੀ ਦੌਰਾਨ ਪੁਲੀਸ ਨੇ ਅਪਰਾਧੀਆਂ ਦੇ ਪਰਿਵਾਰਾਂ ਦੀ ਪਹਿਲਾਂ ਦੀ ਜਾਇਦਾਦ ਦੇ ਵੇਰਵਿਆਂ ਦਾ ਪਤਾ ਲਗਾਇਆ ਅਤੇ ਇਹ ਜਾਂਚ ਕੀਤੀ ਕਿ ਬਾਅਦ ਵਿੱਚ ਨਵੀਆਂ ਜਾਇਦਾਦਾਂ ਖਰੀਦੀਆਂ ਗਈਆਂ ਸਨ ਜਾਂ ਨਹੀਂ।
ਅਪਰਾਧੀਆਂ ਦੇ ਸੰਪਰਕਾਂ ਦਾ ਪਤਾ ਖੇਤੀਬਾੜੀ ਜ਼ਮੀਨ ਦੇ ਦਸਤਾਵੇਜ਼ਾਂ, ਘਰਾਂ ਦੀ ਮੁਰੰਮਤ ਜਾਂ ਨਵੇਂ ਨਿਰਮਾਣ ਦੀ ਜਾਂਚ ਅਤੇ ਆਸਪਾਸ ਦੇ ਲੋਕਾਂ ਨਾਲ ਪੁੱਛਗਿੱਛ ਕਰਕੇ ਲਗਾਇਆ ਗਿਆ।
ਅਬੋਹਰ ਦੇ ਦੁਤਾਰਨਵਾਲੀ ਪਿੰਡ ਵਿੱਚ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਘਰ ’ਤੇ ਛਾਪੇਮਾਰੀ ਕੀਤੀ ਗਈ। ਪੁਲੀਸ ਨੂੰ ਲਗਭਗ 100 ਬੀਘਾ ਖੇਤੀਬਾੜੀ ਜ਼ਮੀਨ, ਟਰੈਕਟਰ, ਟਰਾਲੀ, ਸਕਾਰਪੀਓ ਕਾਰ ਅਤੇ ਹੋਰ ਖੇਤੀਬਾੜੀ ਸੰਦਾਂ ਦੇ ਦਸਤਾਵੇਜ਼ ਮਿਲੇ।
ਦੱਸ ਦਈਏ ਕਿ ਅਨਮੋਲ ਬਿਸ਼ਨੋਈ ਉਰਫ਼ ਭਾਨੂ ’ਤੇ 1 ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਹੈ, ਜਿਸ ਦਾ ਕਥਿਤ ਤੌਰ ’ਤੇ ਅਮਰੀਕਾ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਬੰਦ ਹੋਣ ਦਾ ਦਾਅਵਾ ਹੈ। ਆਰਜੂ ਬਿਸ਼ਨੋਈ ਦੇ ਘਰ ਦੀ ਤਲਾਸ਼ੀ ਨਹੀਂ ਹੋ ਸਕੀ ਕਿਉਂਕਿ ਉਹ ਤਾਲਾਬੰਦ ਸੀ।
ਪੁਲੀਸ ਨੇ ਤੇਜਾਨਾ ਪਿੰਡ ਵਿੱਚ ਰੋਹਿਤ ਗੋਦਾਰਾ ਦੇ ਘਰ ’ਤੇ ਛਾਪਾ ਮਾਰਿਆ। ਇੱਥੇ 21 ਬੀਘਾ ਖੇਤੀਬਾੜੀ ਜ਼ਮੀਨ, ਕਪੂਰੀਸਰ ਪਿੰਡ ਵਿੱਚ 18 ਬੀਘਾ ਜ਼ਮੀਨ,ਇੱਕ ਪੱਕਾ ਘਰ, ਟਰੈਕਟਰ ਅਤੇ ਟਰਾਲੀ ਮਿਲੀ। ਬੀਕਾਨੇਰ ਪੁਲੀਸ ਨੇ ਰੋਹਿਤ ’ਤੇ 1 ਲੱਖ ਰੁਪਏ ਅਤੇ ਰਾਸ਼ਟਰੀ ਜਾਂਚ ਏਜੰਸੀ (NIA)) ਨੇ 5 ਲੱਖ ਰੁਪਏ ਦਾ ਇਨਾਮ ਐਲਾਨਿਆ ਹੈ।
ਸ੍ਰੀਗੰਗਾਨਗਰ ਵਿੱਚ ਵਿਸ਼ਾਲ ਪਚਾਰ ਉਰਫ਼ ਬਬਲੂ ਦੇ ਪੁਰਖੀ ਘਰ ’ਤੇ ਛਾਪੇਮਾਰੀ ਦੌਰਾਨ ਜਾਇਦਾਦਾਂ ਉਸ ਦੇ ਪਿਤਾ ਦੇ ਨਾਮ ’ਤੇ ਮਿਲੀਆਂ।
ਐਸਪੀ ਨੇ ਕਿਹਾ ਕਿ ਇਹ ਅਪਰਾਧੀ ਲੰਬੇ ਸਮੇਂ ਤੋਂ ਵਟਸਐਪ ਕਾਲਾਂ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਧਮਕੀਆਂ ਦੇ ਰਹੇ ਹਨ। ਇਕੱਠੀ ਕੀਤੀ ਰਕਮ ਹਵਾਲਾ ਨੈਟਵਰਕ ਰਾਹੀਂ ਵਿਦੇਸ਼ ਭੇਜੀ ਜਾਂਦੀ ਹੈ, ਜੋ ਬਾਅਦ ਵਿੱਚ ਗੈਂਗ ਦੇ ਅੱਡਿਆਂ ’ਤੇ ਵਾਪਸ ਆਉਂਦੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।