‘ਆਪ’ ਵਰਕਰਾਂ ਵੱਲੋਂ ਨਗਰ ਕੌਂਸਲ ਅਧਿਕਾਰੀ ’ਤੇ ਹਮਲਾ
ਨਗਰ ਕੌਂਸਲ ਦੇ ਸੈਨੇਟਰੀ ਸੁਪਰਡੈਂਟ ਵਿਸ਼ਨੂੰ ਦੱਤ ਸ਼ਰਮਾ ’ਤੇ ਅੱਜ ਕੁਝ ਲੋਕਾਂ ਨੇ ਸਮਾਗਮ ਦੌਰਾਨ ਹਮਲਾ ਕਰ ਦਿੱਤਾ, ਜਿਸ ਕਾਰਨ ਨਗਰ ਕੌਂਸਲ ਦੇ ਅਧਿਕਾਰੀਆਂ ਵਿੱਚ ਭਾਰੀ ਰੋਸ ਪਾਇਆ ਗਿਆ। ਪੂਰੇ ਸਟਾਫ਼ ਨੇ ਰੋਸ ਵਜੋਂ ਕੰਮ-ਕਾਜ ਬੰਦ ਕਰਕੇ ਨਗਰ ਕੌਂਸਲ ਦਫਤਰ ਅੱਗੇ ਧਰਨਾ ਲਾ ਦਿੱਤਾ। ਜਾਣਕਾਰੀ ਅਨੁਸਾਰ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਗਰ ਕੌਂਸਲ ਦੋਰਾਹਾ ਵੱਲੋਂ ਸ਼ਹਿਰ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਕੀਤੀ ਗਈ ਇੱਕ ਮੀਟਿੰਗ ਵਿੱਚ ‘ਆਪ’ ਵਰਕਰ ਅਤੇ ਆਮ ਲੋਕ ਮੌਜੂਦ ਸਨ। ਮੀਟਿੰਗ ਦੌਰਾਨ ‘ਆਪ’ ਆਗੂਆਂ ਅਤੇ ਵਿਸ਼ਨੂੰ ਦੱਤ ਸ਼ਰਮਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਮਾਮਲਾ ਲੜਾਈ ਤੱਕ ਪਹੁੰਚ ਗਿਆ। ਅਧਿਕਾਰੀ ਵਿਸ਼ਨੂੰ ਦੱਤ ਨੇ ਦੋਸ਼ ਲਾਇਆ ਕਿ ਇਸ ਦੌਰਾਨ ਕੁਝ ‘ਆਪ’ ਵਰਕਰਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਹਲਕਾ ਪਾਇਲ ਦੇ ‘ਆਪ’ ਕੋਆਰਡੀਨੇਟਰ ਹਰਪ੍ਰੀਤ ਸਿੰਘ, ਕਰਮਵੀਰ ਸਿੰਘ ਤੇ ਹੋਰਾਂ ਨੇ ਕੀਤਾ ਹੈ। ਇਸ ਮਗਰੋਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਧਰਨਾ ਦੇ ਦਿੱਤਾ। ਮਾਮਲੇ ਸਬੰਧੀ ਅਧਿਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਵਿਸ਼ਨੂੰ ਦੱਤ ਨੂੰ ਇਨਸਾਫ਼ ਨਹੀਂ ਮਿਲਦਾ, ਉਹ ਸੰਘਰਸ਼ ਜਾਰੀ ਰੱਖਣਗੇ। ਦੂਜੇ ਪਾਸੇ ਉਪਰੋਕਤ ਦੋਵੇਂ ਆਪ ਆਗੂਆਂ ਨੇ ਆਪਣੇ ’ਤੇ ਲੱਗੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ‘ਆਪ’ ਆਗੂਆਂ ਨੇ ਕਿਹਾ ਕਿ ਉਨ੍ਹਾਂ ’ਤੇ ਲਾਏ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਹਲਕਾ ਪਾਇਲ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਵੀ ਨਗਰ ਕੌਂਸਲ ਅਧਿਕਾਰੀ ਉੱਤੇ ਆਪ ਆਗੂਆਂ ਵੱਲੋਂ ਕੀਤੇ ਹਮਲੇ ਦਾ ਤਿੱਖਾ ਵਿਰੋਧ ਕਰਦਿਆਂ ਇਸ ਮਾਮਲੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।