‘ਆਪ’ ਵੱਲੋਂ ਮਹਿਲਾ ਵਿੰਗ ਦੀ ਸੂਬਾ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਅੱਤਲ
‘ਆਪ’ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਮਹਿਲਾ ਵਿੰਗ ਦੀ ਸੂਬਾ ਉਪ ਪ੍ਰਧਾਨ ਅਤੇ ਪਾਰਟੀ ਦੇ ਮੋਗਾ ਜ਼ਿਲ੍ਹੇ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪਲਾਨਿੰਗ ਬੋਰਡ ਨੂੰ ਪਾਰਟੀ ’ਚੋਂ ਛੇ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਹੈ। ‘ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਦੇ ਦਸਤਖ਼ਤਾਂ ਹੇਠ ਜਾਰੀ ਹੁਕਮਾਂ ਵਿੱਚ ਮਹਿਲਾ ਵਿੰਗ ਦੀ ਸੂਬਾ ਉਪ ਪ੍ਰਧਾਨ ਰਿੰਪੀ ਗਰੇਵਾਲ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਨੂੰ ਪਾਰਟੀ ’ਚੋਂ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਰਿੰਪੀ ਗਰੇਵਾਲ ਦੇ ਪਤੀ ਅਜੈ ਸ਼ਰਮਾ ਨੂੰ ਪਾਰਟੀ ਵੱਲੋਂ ਹੁਣੇ ਹੁਣੇ ਪੰਜਾਬ ਵਪਾਰ ਮੰਡਲ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਮੁਅੱਤਲ ਦੋਵੇ ਆਗੂਆਂ ਨੂੰ 19 ਸਤੰਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਦੋ ਦਿਨਾਂ ’ਚ ਜਵਾਬ ਮੰਗੇ ਸਨ। ਮੁਅੱਤਲੀ ਦੇ ਹੁਕਮਾਂ ’ਚ ਆਖਿਆ ਗਿਆ ਹੈ ਕਿ ਉਨ੍ਹਾਂ ਦਾ ਜਵਾਬ ਤਸੱਲੀਬਖ਼ਸ ਨਹੀਂ ਹਨ। ਦੋਵਾਂ ’ਤੇ ਪਾਰਟੀ ਤੇ ਸੀਨੀਅਰ ਲੀਡਰਸ਼ਿਪ ਦੇ ਫ਼ੈਸਲੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ਦਾ ਦੋਸ਼ ਸੀ। ਹਰਮਨਜੀਤ ਸਿੰਘ ਦੀਦਾਰੇਵਾਲਾ ਨੇ ਸੂਬਾ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦਿਆਂ ਆਪਣੇ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਇਸ ਤੋਂ ਪਹਿਲਾਂ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਅਹੁਦੇ ਤੋਂ ਫਾਰਗ ਕਰ ਦਿੱਤਾ ਸੀ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਪਤੀ ਡਾ. ਰਾਕੇਸ਼ ਅਰੋੜਾ ਨੇ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ।