‘ਆਪ’ ਨੂੰ ਝਟਕਾ; ਕੈਬਨਿਟ ਮੰਤਰੀ ਸੌਂਦ ਦੇ ਸਾਥੀ ਗਰੇਵਾਲ ਕਾਂਗਰਸ ’ਚ ਸ਼ਾਮਲ
ਅੱਜ ‘ਆਪ’ ਨੂੰ ਵੱਡਾ ਝਟਕਾ ਲੱਗਾ ਹੈ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਜ਼ਦੀਕੀ ਸਾਥੀ ਉਮੀਦਵਾਰ ਰਹੇ ਸੀਨੀਅਰ ਆਗੂ ਲਛਮਣ ਸਿੰਘ ਗਰੇਵਾਲ ਪਾਰਟੀ ਛੱਡ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਚੰਡੀਗੜ੍ਹ ਦੇ ਕਾਂਗਰਸ ਭਵਨ ਵਿਖੇ ਹੋਏ ਸਮਾਗਮ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦੀ ਅਗਵਾਈ ਹੇਠ ਗਰੇਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਸਨਮਾਨਿਤ ਕੀਤਾ ਗਿਆ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ‘ਆਪ’ ਦੇ ਕਰਮਚਾਰੀ ਵਿੰਗ ਦੇ ਸਾਬਕਾ ਸੂਬਾ ਸੰਯੁਕਤ ਸਕੱਤਰ ਲਛਮਣ ਸਿੰਘ ਗਰੇਵਾਲ ਤੋਂ ਇਲਾਵਾ ਸ਼ਹਿਰੀ ਬਲਾਕ-1 ਦੇ ਸਾਬਕਾ ਪ੍ਰਧਾਨ ਰਾਜਬੀਰ ਸ਼ਰਮਾ, ਬਲਾਕ-2 ਸਾਬਕਾ ਪ੍ਰਧਾਨ ਤਰਿੰਦਰ ਸਿੰਘ ਗਿੱਲ, ਦਿਹਾਤੀ ਸਾਬਕਾ ਪ੍ਰਧਾਨ ਰਾਜ ਕੁਮਾਰ ਜੱਸਲ, ਨੰਬਰਦਾਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ, ਸਾਬਕਾ ਵਾਰਡ ਇੰਚਾਰਜ਼ ਐਡਵੋਕੇਟ ਸੋਹਣ ਸਹੋਤਾ, ਜਰਨੈਲ ਸਿੰਘ ਜੱਸਲ ਅਤੇ ਜਗਜੀਤ ਸਿੰਘ ਸ਼ਾਮਲ ਹਨ।
ਇਸ ਮੌਕੇ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਪਹਿਲਾ ਕਾਂਗਰਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪਰ ਅੱਜ ਤੋਂ ਹਰ ਹਫ਼ਤੇ 50 ਲੋਕਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਛੱਡਣ ਦਾ ਮੁੱਖ ਕਾਰਨ ਅਪਮਾਨ ਦਾ ਸਾਹਮਣਾ ਕਰਨਾ ਸੀ। ਕੈਬਨਿਟ ਮੰਤਰੀ ਸੌਂਦ ਨੇ ਆਪਣੇ ਲੋਕਾਂ ’ਤੇ ਝੂਠੇ ਪਰਚੇ ਦਰਜ ਕਰਵਾਏ ਜਦੋਂ ਮਾਮਲਾ ਹਾਈਕਮਾਨ ਕੋਲ ਪੁੱਜਿਆ ਤਾਂ ਐਸਆਈਟੀ ਬਣਾਈ ਗਈ, ਜਿਸ ਨੇ ਜਾਂਚ ਉਪਰੰਤ ਹੁਣ ਤੱਕ ਰਿਪੋਰਟ ਜਨਤਕ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਹੁਣ ਕੋਟਲੀ ਦੇ ਹੱਕ ਵਿੱਚ ਲਹਿਰ ਬਣਾ ਕੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਚੋਣ ਜਿਤਾਉਣ ਵਿੱਚ ਦਿਨ ਰਾਤ ਮਿਹਨਤ ਕਰਨਗੇ।
ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਦਾ ‘ਆਪ’ ਤੋਂ ਮੋਹ ਭੰਗ ਹੋ ਰਿਹਾ ਹੈ ਜਿਸ ਕਾਰਨ ਆਏ ਦਿਨ ਲੋਕ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ। ਗੁਰਕੀਰਤ ਕੋਟਲੀ ਨੇ ਕਿਹਾ ਕਿ ਕੈਬਨਿਟ ਮੰਤਰੀ ਸੌਂਦ ਦੀ ਧੱਕੇਸ਼ਾਹੀ ਖਿਲਾਫ਼ ਲੋਕ ਪਾਰਟੀ ਛੱਡ ਰਹੇ ਹਨ। ਕਾਂਗਰਸ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ।
ਕੈਪਸ਼ਨ : ਲਛਮਣ ਗਰੇਵਾਲ ਤੇ ਉਨ੍ਹਾਂ ਦੇ ਸਾਥੀਆਂ ਦਾ ਕਾਂਗਰਸ ’ਚ ਸਵਾਗਤ ਕਰਦੇ ਹੋਏ ਪਾਰਟੀ ਪ੍ਰਧਾਨ ਰਾਜਾਵੜਿੰਗ ਅਤੇ ਹੋਰ।-ਫੋਟੋ : ਓਬਰਾਏ