‘ਆਪ’ ਨੇ ਸ਼ਤਾਬਦੀ ਸਮਾਗਮਾਂ ’ਚੋਂ ਮੋਦੀ ਦੀ ਗ਼ੈਰਹਾਜ਼ਰੀ ’ਤੇ ਚੁੱਕੇ ਸਵਾਲ
ਆਮ ਆਦਮੀ ਪਾਰਟੀ ਨੇ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਏ ਪੰਜਾਬ ਸਰਕਾਰ ਦੇ ਸਮਾਗਮਾਂ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੈਰ-ਹਾਜ਼ਰੀ ’ਤੇ ਸਖ਼ਤ ਇਤਰਾਜ਼ ਜਤਾਇਆ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਸਮਾਗਮ ਪੂਰੀ ਤਰ੍ਹਾਂ ਗੈਰ-ਸਿਆਸੀ ਰੱਖੇ। ਇਸੇ ਲਈ ਮੁੱਖ ਮੰਤਰੀ ਭਗਵੰਤ ਮਾਨ ਸਣੇ ਸਾਰੇ ਕੈਬਨਿਟ ਮੰਤਰੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਨੂੰ ਸੱਦਾ ਭੇਜਿਆ ਸੀ ਪਰ ਉਹ ਸਮਾਗਮਾਂ ਵਿੱਚ ਸ਼ਾਮਲ ਨਾ ਹੋਏ। ਉਨ੍ਹਾਂ ਭਾਜਪਾ ਨੂੰ ਆਤਮ-ਪੜਚੋਲ ਕਰਨ ਦੀ ਸਲਾਹ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਸਰਕਾਰ ਵੱਲੋਂ ਕੁਰੂਕਸ਼ੇਤਰ ਵਿੱਚ ਕਰਵਾਏ ਗਏ ਸਮਾਗਮ ਵਿੱਚ ਤਾਂ ਪਹੁੰਚੇ ਪਰ 15 ਮਿੰਟ ਦੀ ਉਡਾਣ ਭਰ ਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਸਮਾਗਮ ਵਿੱਚ ਨਾ ਪਹੁੰਚ ਸਕੇ। ਇਸ ਤੋਂ ਪ੍ਰਧਾਨ ਮੰਤਰੀ ਦੀ ਪੰਜਾਬ ਪ੍ਰਤੀ ਨਫਰਤ ਦਾ ਪਤਾ ਲੱਗਦਾ ਹੈ। ਉਨ੍ਹਾਂ ਕਿਹਾ, ‘ਜੇ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਨਾ ਹੁੰਦੀ, ਤਾਂ ਅੱਜ ਹਿੰਦੁਸਤਾਨ ਨਾ ਹੁੰਦਾ ਅਤੇ ਜੇ ਹਿੰਦੁਸਤਾਨ ਨਾ ਹੁੰਦਾ ਤਾਂ ਤੁਸੀਂ ਇਸ ’ਤੇ ਸ਼ਾਸਨ ਕਰਨ ਦੇ ਯੋਗ ਨਾ ਹੁੰਦੇ।’
‘ਆਪ’ ਮੁਆਫ਼ੀ ਮੰਗੇ: ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ‘ਆਪ’ ਆਗੂ ਅਮਨ ਅਰੋੜਾ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀਆਂ ਲਈ ਮੁਆਫੀ ਮੰਗਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਵਿੱਚ ਸਮਾਗਮ ਦੌਰਾਨ ਗੁਰੂ ਤੇਗ ਬਹਾਦਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਯਾਦਗਾਰੀ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਇਲਾਵਾ ਲਾਲ ਕਿਲੇ ’ਤੇ ਕੌਮੀ ਪੱਧਰ ਦਾ ਸਮਾਗਮ ਕਰਵਾਇਆ। ਪੰਜਾਬ ਭਾਜਪਾ ਨੇ ਵੀ ਆਨੰਦਪੁਰ ਸਾਹਿਬ ਵਿੱਚ ਕੀਰਤਨ ਦਰਬਾਰ ਕਰਵਾਇਆ ਅਤੇ ਤਖ਼ਤ ਕੇਸਗੜ੍ਹ ਸਾਹਿਬ ਵਿਖੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨਤਮਸਤਕ ਵੀ ਹੋਈ। ਸ੍ਰੀ ਜਾਖੜ ਨੇ ਸਵਾਲ ਕੀਤਾ ਕਿ ‘ਆਪ’ ਆਗੂ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਵਿੱਚ ਕਿਉਂ ਨਹੀਂ ਗਏ?
ਸ਼ਹੀਦੀ ਸਮਾਗਮਾਂ ਦੇ ਨਾਂ ’ਤੇ ਸਿਆਸਤ ਕਰ ਰਹੀ ਹੈ ‘ਆਪ’: ਬਿੱਟੂ
ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ‘ਆਪ’ ਸਰਕਾਰ ਗੁਰੂ ਸਾਹਿਬ ਦੇ ਸ਼ਹੀਦੀ ਸਮਾਗਮਾਂ ਦੇ ਨਾਂ ’ਤੇ ਸਿਆਸਤ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸਮਾਗਮ ’ਚ ਸ਼ਾਮਲ ਹੋਏ ਹਨ। ‘ਆਪ’ ਸਰਕਾਰ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਮ ’ਤੇ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ ਹੈ, ਜੋ ਸਿਰਫ਼ ਖਾਨਾਪੂਰਤੀ ਹੈ। ‘ਆਪ’ ਸਰਕਾਰ ਹਾਲੇ ਤੱਕ ਪੰਜਾਬ ਵਿੱਚ ਇਕ ਵੀ ਮੈਡੀਕਲ ਕਾਲਜ ਨਹੀਂ ਬਣੇ ਸਕੀ। ਉਨ੍ਹਾਂ ‘ਆਪ’ ਨੂੰ ਧਰਮ ਦੇ ਨਾਂ ’ਤੇ ਸਿਆਸਤ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ।
