‘ਆਪ’ ਵਿਧਾਇਕ ਪਠਾਨਮਾਜਰਾ ਅਜੇ ਵੀ ਫ਼ਰਾਰ
ਉਨ੍ਹਾਂ ਦੱਸਿਆ ਕਿ ਪੰਜਾਬ ਪੁਲੀਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਦੀ ਇੱਕ ਟੀਮ, ਜੋ ਕਿ ਗੈਂਗਸਟਰਾਂ ਅਤੇ ਬਦਨਾਮ ਅਪਰਾਧੀਆਂ ਖ਼ਿਲਾਫ਼ ਕਾਰਵਾਈਆਂ ਕਰਨ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਹੈ, ਨੂੰ ਸਨੌਰ ਦੇ ਵਿਧਾਇਕ ਨੂੰ ਫੜਨ ਲਈ ਤਾਇਨਾਤ ਕੀਤਾ ਗਿਆ ਹੈ। ਪਾਰਟੀ ਖ਼ਿਲਾਫ਼ ਟਿੱਪਣੀਆਂ ਕਰਨ ’ਤੇ ‘ਆਪ’ ਵਿਧਾਇਕ ਵਿਵਾਦਾਂ ’ਚ ਘਿਰ ਗਏ ਸੀ।
ਪੁਲੀਸ ਨੇ ਦਾਅਵਾ ਕੀਤਾ ਕਿ ਪਹਿਲੀ ਵਾਰ ਵਿਧਾਇਕ ਮੰਗਲਵਾਰ ਨੂੰ ਹਿਰਾਸਤ ਤੋਂ ਭੱਜ ਗਏ, ਜਦੋਂ ਇੱਕ ਟੀਮ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਡਾਬਰੀ ਪਿੰਡ ਵਿੱਚ ਉਸ ਨੂੰ ਗ੍ਰਿਫ਼ਤਾਰ ਕਰਨ ਗਈ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਗੋਲੀਆਂ ਚਲਾਈਆਂ ਅਤੇ ਪੱਥਰ ਸੁੱਟੇ। ਉਹ ਉਸ ਸਮੇਂ ਇੱਕ ਰਿਸ਼ਤੇਦਾਰ ਦੇ ਘਰ ਸੀ।
ਉਨ੍ਹਾਂ ਬੁੱਧਵਾਰ ਨੂੰ ਇੱਕ ਅਣਦੱਸੀ ਜਗ੍ਹਾ ਤੋਂ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ, ਜਿਸ ਵਿੱਚ ਗੋਲੀਬਾਰੀ ਵਿੱਚ ਸ਼ਾਮਲ ਹੋਣ ਦੇ ਪੁਲੀਸ ਦੇ ਦਾਅਵਿਆਂ ਨੂੰ ਨਕਾਰਿਆ ਅਤੇ ਐਲਾਨ ਕੀਤਾ ਕਿ ਉਹ ਇਹ ਜਾਣਨ ਤੋਂ ਬਾਅਦ ਭੱਜ ਗਿਆ ਸੀ ਕਿ ‘ਫ਼ਰਜ਼ੀ ਮੁਕਾਬਲੇ’ ਵਿੱਚ ਮਾਰਿਆ ਜਾਵੇਗਾ।
ਸਿਵਲ ਲਾਈਨਜ਼ ਪੁਲੀਸ ਸਟੇਸ਼ਨ ਵਿੱਚ 1 ਸਤੰਬਰ ਨੂੰ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਪਠਾਨਮਾਜਰਾ ਖ਼ਿਲਾਫ਼ ਬਲਾਤਕਾਰ, ਧੋਖਾਧੜੀ ਅਤੇ ਅਪਰਾਧਿਕ ਧਮਕੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਜ਼ੀਰਕਪੁਰ ਦੀ ਇੱਕ ਮਹਿਲਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਵਿਧਾਇਕ ਨੇ ਆਪਣੇ-ਆਪ ਨੂੰ ਤਲਾਕਸ਼ੁਦਾ ਦੱਸ ਕੇ ਗਲਤ ਢੰਗ ਨਾਲ ਪੇਸ਼ ਕੀਤਾ, ਉਸ ਨਾਲ ਸਬੰਧ ਬਣਾਏ ਅਤੇ ਬਾਅਦ ਵਿੱਚ 2021 ਵਿੱਚ ਉਸ ਨਾਲ ਵਿਆਹ ਕਰਵਾ ਲਿਆ, ਜਦੋਂ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਸੀ।
ਮਹਿਲਾ ਨੇ ਵਿਧਾਇਕ ਖ਼ਿਲਾਫ਼ ਲਗਾਤਾਰ ਜਿਨਸੀ ਸੋਸ਼ਣ, ਧਮਕੀਆਂ ਦੇਣ ਅਤੇ ‘ਅਸ਼ਲੀਲ’ ਸਮੱਗਰੀ ਭੇਜਣ ਦਾ ਦੋਸ਼ ਲਗਾਇਆ।
ਐੱਫਆਈਆਰ ਦਰਜ ਹੋਣ ਤੋਂ ਬਾਅਦ ਪਠਾਨਮਾਜਰਾ ਨੇ ਮੰਗਲਵਾਰ ਨੂੰ ਫੇਸਬੁੱਕ ’ਤੇ ਲਾਈਵ ਹੋ ਕੇ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਦੋਸ਼ ਲਗਾਇਆ ਕਿ ਦਿੱਲੀ ਸਥਿਤ ‘ਆਪ’ ਲੀਡਰਸ਼ਿਪ ‘ਪੰਜਾਬ ’ਤੇ ਗੈਰ-ਕਾਨੂੰਨੀ ਢੰਗ ਨਾਲ ਰਾਜ ਕਰ ਰਹੀ ਹੈ।’
ਐਤਵਾਰ ਨੂੰ ਜਦੋਂ ਹਲਕੇ ਦੇ ਕਈ ਪਿੰਡ ਹੜ੍ਹਾਂ ਵਿੱਚ ਡੁੱਬ ਗਏ ਤਾਂ ਪਠਾਨਮਾਜਰਾ ਨੇ ਨੌਕਰਸ਼ਾਹਾਂ ’ਤੇ ਵਰ੍ਹਦਿਆਂ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਟਾਂਗਰੀ ਨਦੀ ਦੀ ਸਫ਼ਾਈ ਅਤੇ ਕੰਢਿਆਂ ਨੂੰ ਮਜ਼ਬੂਤ ਕਰਨ ਲਈ ਨਦੀ ਦੇ ਨੇੜੇ ਮਿੱਟੀ ਦੀ ਵਰਤੋਂ ਕਰਨ ਦੀ ਇਜਾਜ਼ਤ ਦੀ ਮੰਗ ਕਰ ਰਹੇ ਸਨ, ਪਰ ਕੋਈ ਫਾਇਦਾ ਨਹੀਂ ਹੋਇਆ।
ਪਠਾਨਮਾਜਰਾ ਨੇ ਦੋਸ਼ ਲਗਾਇਆ ਕਿ ਪਾਰਟੀ ਪ੍ਰਸ਼ਾਸਨ ਨੂੰ ਠੀਕ ਕਰਨ ਦੀ ਬਜਾਏ ਪੰਜਾਬ ਦੇ ਵਿਧਾਇਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਮੁੱਦੇ ਕਈ ਵਾਰ ਪੰਜਾਬ ਵਿਧਾਨ ਸਭਾ ਵਿੱਚ ਚੁੱਕੇ, ਮੰਗ ਪੱਤਰ ਸੌਂਪੇ ਅਤੇ ਕਈ ਵਾਰ ਨਿੱਜੀ ਤੌਰ ’ਤੇ ਪ੍ਰਮੁੱਖ ਸਕੱਤਰ (ਜਲ ਸਰੋਤ) ਕ੍ਰਿਸ਼ਨ ਕੁਮਾਰ ਨੂੰ ਮਿਲੇ ਪਰ ‘ਇੱਕ ਵੀ ਸਾਰਥਕ ਕਦਮ ਨਹੀਂ ਚੁੱਕਿਆ ਗਿਆ।’ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕੁਮਾਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਦੀ ਅਪੀਲ ਕੀਤੀ।
ਸੋਮਵਾਰ ਨੂੰ ਪਠਾਨਮਾਜਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਅਤੇ ਉਨ੍ਹਾਂ ਦੇ ਹਲਕੇ ਦੇ ਸਾਰੇ ਸਟੇਸ਼ਨ ਹਾਊਸ ਅਫ਼ਸਰਾਂ ਅਤੇ ਪੁਲੀਸ ਚੌਕੀਆਂ ਦੇ ਮੁਖੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।