‘ਆਪ’ ਵਿਧਾਇਕ ਪਠਾਣਮਾਜਰਾ ਦਾ ਦਾਅਵਾ....‘ਮੁਕਾਬਲੇ’ ਡਰੋਂ ਭੱਜਿਆਂ, ਮੈਨੂੰ ਗੈਂਗਸਟਰ ਵਜੋਂ ਫਸਾਉਣ ਲਈ ਪੰਜਾਬ ਸਰਕਾਰ ਨੇ 500 ਪੁਲੀਸ ਮੁਲਾਜ਼ਮ ਭੇਜੇ
ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰ ਦੇ ਇਕ ਵੀਡੀਓ ਸੁਨੇਹੇ ਵਿਚ ਦਾਅਵਾ ਕੀਤਾ ਹੈ ਕਿ ਉਸ ਨੂੰ ਅਗਾਊਂ ਜਾਣਕਾਰੀ ਮਿਲੀ ਸੀ ਕਿ ਗ੍ਰਿਫਤਾਰ ਕਰਨ ਆਈ ਪੁਲੀਸ ਉਸ ਨੂੰ ਇੱਕ ਮੁਕਾਬਲੇ ਵਿੱਚ ਮਾਰ ਦੇਵੇਗੀ, ਜਿਸ ਕਰਕੇ ਉਹ ਲੰਘੇ ਦਿਨ ਕਰਨਾਲ ਤੋਂ ਬਚ ਨਿਕਲਿਆ। ਪਠਾਣਮਾਜਰਾ ਨੇ ਕਿਹਾ, ‘‘ਹਾਲਾਂਕਿ, ਮੈਂ ਕਦੇ ਵੀ ਪੁਲੀਸ ਨਾਲ ਟਕਰਾਅ ਵਿੱਚ ਨਹੀਂ ਪਿਆ ਅਤੇ ਦੂਜੇ ਦਰਵਾਜ਼ਿਓਂ ਖਿਸਕ ਗਿਆ। ਪੁਲੀਸ ਨੇ ਮੇਰੀ ਗੱਡੀ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਰਵ ਸ਼ਕਤੀਮਾਨ ਦੇ ਓਟ ਆਸਰੇ ਕਰਕੇ ਬਚ ਗਿਆ।’’
ਪਠਾਣਮਾਜਰਾ ਨੇ ਅੱਜ ਜਾਰੀ ਕੀਤੇ ਗਏ ਦੋ ਵੀਡੀਓਜ਼ ਵਿੱਚ ਕਿਹਾ ਕਿ ਉਹ ਜਾਣਦੇ ਹਨ ਕਿ ਇਸ ਸਭ ਪਿੱਛੇ ਦਿੱਲੀ ਲੌਬੀ ਦਾ ਹੱਥ ਸੀ ਅਤੇ ਉਨ੍ਹਾਂ ਨੇ ਸਾਥੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਪੰਜਾਬ ਦੇ ਹਿੱਤ ਲਈ ਬੋਲਣ ਦੀ ਅਪੀਲ ਕੀਤੀ। ਪਠਾਣਮਾਜਰਾ ਨੇ ਕਿਸੇ ਵੀ ਗਲਤ ਕੰਮ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਪੁਲੀਸ ਦਾ ਸਤਿਕਾਰ ਕਰਦੇ ਹਨ ਪਰ ਇਹ ਦੁੱਖ ਦੀ ਗੱਲ ਹੈ ਕਿ ਉਹ (ਪੁਲੀਸ ਮੁਲਾਜ਼ਮ) ਦਿੱਲੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਪਠਾਣਮਾਜਰਾ ਨੇ ਸਾਥੀ ਵਿਧਾਇਕਾਂ ਨੂੰ ਦਿੱਲੀ ਲੌਬੀ ਦੇ ਗ਼ਲਤ ਕੰਮਾਂ ਖਿਲਾਫ਼ ਬੋਲਣ ਦੀ ਵੀ ਅਪੀਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਦਿੱਲੀ ਦੀ ਇਹ ਲੌਬੀ ਪੰਜਾਬ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ।
ਪਠਾਣਮਾਜਰਾ ਨੇ ਕਿਹਾ, ‘‘ਜਦੋਂ ਅਬਦਾਲੀ ਪੰਜਾਬ ਨੂੰ ਨਹੀਂ ਡਰਾ ਸਕਦੇ, ਤਾਂ ਅਸੀਂ ਇਨ੍ਹਾਂ ਦਿੱਲੀ ਲੌਬੀ ਦੇ ਆਗੂਆਂ ਤੋਂ ਕਿਵੇਂ ਡਰ ਸਕਦੇ ਹਾਂ।’’ ਵਿਧਾਇਕ ਨੇ ਕਿਹਾ, ‘‘ਮੈਂ ਪੰਜਾਬ ਦੇ ਸਾਰੇ ਆਗੂਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਉੱਠਣ ਅਤੇ ਉਹੀ ਬੋਲਣ ਜੋ ਉਹ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਸਰਕਾਰ ਤੋਂ ਡਰਨਾ ਨਹੀਂ ਚਾਹੀਦਾ।’’ ਪਠਾਣਮਾਜਰਾ ਨੇ ਕਿਹਾ ਕਿ ਪਟਿਆਲਾ ਅਤੇ ਏਜੀਟੀਐਫ ਦੀਆਂ ਪੁਲੀਸ ਟੀਮਾਂ ਉਨ੍ਹਾਂ ਦਾ ਪਿੱਛਾ ਕਰ ਰਹੀਆਂ ਹਨ। ਵਿਧਾਇਕ ਨੇ ਕਿਹਾ, ‘‘ਸਰਕਾਰ ਨੇ 500 ਪੁਲੀਸ ਮੁਲਾਜ਼ਮਾਂ ਦੇ ਨਾਲ 8 ਤੋਂ 10 ਐੱਸਪੀ, 5 ਡੀਐਸਪੀ ਅਤੇ ਇੱਕ ਦਰਜਨ ਐੱਸਐੱਚਓ ਭੇਜੇ। ਅਸਲ ਵਿੱਚ ਉਹ ਮੈਨੂੰ ਭੱਜਦੇ ਗੈਂਗਸਟਰ ਵਜੋਂ ਦਿਖਾਉਣਾ ਚਾਹੁੰਦੇ ਹਨ।’’