‘ਆਪ’ ਵਿਧਾਇਕ ਅਰੋੜਾ ਦੀਆਂ ਮੁੜ ਮੁਸ਼ਕਲਾਂ ਵਧੀਆਂ
ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਨੂੰ ਇਸ ਕੇਸ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ, ਪਰ ਹੁਣ ਰਾਮਾਂ ਮੰਡੀ ਥਾਣੇ ਦੀ ਪੁਲੀਸ ਨੇ ਉਨ੍ਹਾਂ ’ਤੇ ਜਬਰਨ ਵਸੂਲੀ ਦੀਆਂ ਧਾਰਾਵਾਂ ਲਗਾ ਦਿੱਤੀਆਂ। ਅਰੋੜਾ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੁਲੀਸ ਨੇ ਉਸ ਦਾ 3 ਦਿਨ ਦਾ ਪੁਲੀਸ ਰਿਮਾਂਡ ਪ੍ਰਾਪਤ ਕਰ ਲਿਆ ਹੈ। ਇਸ ਮਾਮਲੇ ਵਿੱਚ ਪੀੜਤ ਨੇ ਦੋਸ਼ ਲਗਾਇਆ ਕਿ ਵਿਧਾਇਕ ਨੇ ਉਸ ਨੂੰ ਧਮਕੀ ਦੇ ਕੇ ਉਸ ਤੋਂ ਪੈਸੇ ਵਸੂਲੇ ਸਨ। ਜ਼ਿਕਰਯੋਗ ਹੈ ਕਿ ਵਿਧਾਇਕ ਅਰੋੜਾ ਦਾ ਥਾਣਾ ਰਾਮਾਂ ਮੰਡੀ ਵਿੱਚ ਚੰਗਾ ਰਸੂਖ ਹੈ। ਅਰੋੜਾ ਦੇ ਜੇਲ੍ਹ ਜਾਣ ਮਗਰੋਂ ਪਾਰਟੀ ਨੇ ਉਦਯੋਗਪਤੀ ਨਿਤਿਨ ਕੋਹਲੀ ਨੂੰ ਕੇਂਦਰੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਸੀ। ਮਗਰੋਂ ਚਰਚਾ ਹੋਈ ਕਿ ਕੇਂਦਰੀ ਹਲਕੇ ਵਿੱਚ ਜ਼ਿਮਨੀ ਚੋਣ ਹੋ ਸਕਦੀ ਹੈ ਪਰ ਅਰੋੜਾ ਨੇ ਆਪਣੇ ਵਿਧਾਇਕ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ। ਹੁਣ ਅਗਸਤ ਦੇ ਅੰਤ ਵਿੱਚ, ਜਦੋਂ ਵਿਧਾਇਕ ਵਿਰੁੱਧ ਨਵੀਂ ਸ਼ਿਕਾਇਤ ਮਿਲੀ, ਤਾਂ ਪੁਲੀਸ ਨੇ ਜਾਂਚ ਦੌਰਾਨ ਕੇਸ ਦਰਜ ਕਰ ਲਿਆ। ਵਿਧਾਇਕ ਰਮਨ ਅਰੋੜਾ ਦੇ ਵਕੀਲ ਨਵੀਨ ਚੱਢਾ ਨੇ ਕਿਹਾ ਕਿ ਐਫਆਈਆਰ ਨੰਬਰ 253 ਮਿਤੀ 23 ਅਗਸਤ ਨੂੰ ਦਰਜ ਕੀਤੀ ਗਈ ਸੀ। ਉਨ੍ਹਾਂ ਨੇ ਪਿਛਲੇ ਮਾਮਲੇ ਵਿੱਚ ਕੱਲ੍ਹ ਹਾਈ ਕੋਰਟ ਤੋਂ ਜ਼ਮਾਨਤ ਲੈ ਲਈ ਸੀ। ਹੁਣ ਪੁਲੀਸ ਨੇ ਰਮੇਸ਼ ਨਾਮ ਦੇ ਠੇਕੇਦਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।