ਆਪ ਆਗੂ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਮੁੱਖ ਮਾਰਗ ਜਾਮ
ਬੀ ਐੱਸ ਚਾਨਾ
ਇੱਥੋਂ ਨੇੜਲੇ ਪਿੰਡ ਅਗੰਮਪੁਰ ਦੇ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਨਿਤਿਨ ਨੰਦਾ ਨੂੰ ਵਿਆਹ ਸਮਾਗਮ ਦੌਰਾਨ ਗੋਲੀ ਚਲਾ ਕੇ ਜ਼ਖਮੀ ਕਰਨ ਦੇ ਮਾਮਲੇ ਵਿੱਚ ਇੱਕ ਸਾਬਕਾ ਪੁਲੀਸ ਅਫ਼ਸਰ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਜਦਕਿ ਬਾਕੀ ਤਿੰਨ ਕਥਿਤ ਦੋਸ਼ੀ ਅਜੇ ਫ਼ਰਾਰ ਹਨ। ਫਰਾਰ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਪੁਲੀਸ ਵਲੋਂ ਕੀਤੀ ਜਾ ਰਹੀ ਦੇਰੀ ਦੇ ਰੋਸ ਵਜੋਂ ਨਿਤਿਨ ਨੰਦਾ ਨੇ ਆਪਣੇ ਪਰਿਵਾਰ ਅਤੇ ਸਮਰਥਕਾਂ ਸਮੇਤ ਲਗਪਗ ਤਿੰਨ ਘੰਟੇ ਸ੍ਰੀ ਆਨੰਦਪੁਰ ਸਾਹਿਬ-ਨੰਗਲ ਮੁੱਖ ਮਾਰਗ ਅਤੇ ਸ੍ਰੀ ਆਨੰਦਪੁਰ ਸਾਹਿਬ ਗੜ੍ਹਸ਼ੰਕਰ ਟੀ-ਪੁਆਇੰਟ ’ਤੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸੱਤਾਧਾਰੀ ਸਿਆਸੀ ਧਿਰਾਂ ਵਲੋਂ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਬਚਾਉਣ ਅਤੇ ਫ਼ੈਸਲਾ ਕਰਨ ਲਈ ਮਜਬੂਰ ਕਰਨ ਦੇ ਦੋਸ਼ ਵੀ ਲਗਾਏ ਗਏ। ਇਸ ਮੌਕੇ ਸ਼੍ਰੀ ਨੰਦਾ ਨੇ ਕਿਹਾ ਕਿ ਘਟਨਾ ਨੂੰ ਸਵਾ ਮਹੀਨਾ ਹੋਣ ਦੇ ਬਾਵਜੂਦ ਮਾਮਲੇ ਦੇ ਤਿੰਨ ਮੁਲਜ਼ਮ ਸ਼ਰ੍ਹੇਆਮ ਘੁੰਮ ਰਹੇ ਹਨ ਅਤੇ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਅਤੇ ਇਹ ਸਭ ਸਰਕਾਰੀ ਤੰਤਰ ਦੀ ਸ਼ਹਿ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਕਾਰਗੁਜ਼ਾਰੀ ਬਹੁਤ ਢਿੱਲੀ ਹੈ ਜਿਸ ਕਰ ਕੇ ਉਸ ਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਅਤੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਧਰਨਾ ਦੇਣਾ ਪਿਆ ਹੈ। ਇਸ ਮੌਕੇ ਪੁਲੀਸ ਪਾਰਟੀ ਨਾਲ ਪਹੁੰਚੇ ਉੱਪ ਪੁਲੀਸ ਕਪਤਾਨ ਜਸ਼ਨਦੀਪ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਸਮਾਗਮਾਂ ਕਰ ਕੇ ਪੁਲੀਸ ਰੁੱਝੀ ਹੋਈ ਸੀ। ਪਰੰਤੂ ਹੁਣ ਜਲਦੀ ਹੀ ਸਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਧਰਨੇ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਕਈ ਕਿਲੋਮੀਟਰ ਤੱਕ ਸੜਕ ’ਤੇ ਜਾਮ ਲੱਗਾ ਰਿਹਾ।
