‘ਆਪ’ ਨੇ ਪੰਜਾਬ ਨੂੰ ਗੈਂਗਸਟਰਾਂ ਦਾ ਅੱਡਾ ਬਣਾਇਆ: ਵੜਿੰਗ
ਕਾਂਗਰਸ ਦੇ ਸੂਬਾਈ ਪ੍ਰਧਾਨ ਨੇ ਪੰਜਾਬ ਸਰਕਾਰ ਅਤੇ ਅਕਾਲੀ ਦਲ ’ਤੇ ਸੇਧੇ ਨਿਸ਼ਾਨੇ
Advertisement
ਇੱਥੇ ਬਾਬਾ ਬਕਾਲਾ ਕਾਨਫਰੰਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜਾਬ ਨੂੰ ਗੈਂਗਸਟਰਾਂ ਦਾ ਅੱਡਾ ਬਣਾ ਦਿੱਤਾ ਹੈ ਅਤੇ ਹੁਣ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਚਲਾ ਕੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਤੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਆਮ ਆਦਮੀ ਪਾਰਟੀ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਵਿਗੜ ਚੁੱਕੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਕਾਰਜਕਾਲ ’ਚ ਨਾ ਕੋਈ ਹਸਪਤਾਲ ਅਤੇ ਨਾ ਹੀ ਪੁਲ ਬਣਿਆ ਸਗੋਂ ਗੈਂਗਸਟਰਾਂ ਦਾ ਬੋਲਬਾਲਾ ਹੋਇਆ। ਸ੍ਰੀ ਵੜਿੰਗ ਨੇ ਅਕਾਲੀ ਦਲ ਦੀ ਨਿਖੇਧੀ ਕਰਦਿਆਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਦੀ ਮਹਿਲਾ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਕਿਸਾਨਾਂ ਦਾ ਕੁਝ ਨਹੀਂ ਸੰਵਾਰਿਆ ਸਗੋਂ ਪੰਜਾਬ ਦੇ ਹੱਕ ਗਹਿਣੇ ਰੱਖ ਦਿੱਤੇ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਰਕਰਾਂ ਨੂੰ ਦਬਾਇਆ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸਾਬਕਾ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੇ ਸਾਰੇ ਵਿਧਾਇਕਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਇਸ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਬਣਾਈ ਜਾ ਰਹੀ ਕੋਠੀ ਸਬੰਧੀ ਵਿਅੰਗ ਵੀ ਕਸੇ। ਇਸ ਮੌਕੇ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਪੰਜਾਬ ਪ੍ਰਧਾਨ ਅਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ, ਸੁਖਜਿੰਦਰ ਸਿੰਘ ਰੰਧਾਵਾ, ਹਰਪ੍ਰਤਾਪ ਸਿੰਘ ਅਜਨਾਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਆਦਿ ਨੇ ਸੰਬੋਧਨ ਕੀਤਾ।
Advertisement
Advertisement