‘ਆਪ’ ਨੇ ਭ੍ਰਿਸ਼ਟਾਚਾਰ ਵਿੱਚ ਕਾਂਗਰਸ ਨੂੰ ਵੀ ਪਿੱਛੇ ਛੱਡਿਆ: ਸੈਣੀ
ਗੁਰਬਖਸ਼ਪੁਰੀ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ‘ਆਪ’ ਨੇ ਭ੍ਰਿਸ਼ਟਾਚਾਰ ’ਚ ਕਾਂਗਰਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੈਣੀ ਨੇ ਕਿਹਾ ਕਿ ਜੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਉਣਾ ਹੈ ਤਾਂ ਭਾਜਪਾ ਨੂੰ ਮੌਕੇ ਦੇਣਾ ਹੋਵੇਗਾ ਕਿਉਂਕਿ ਭਾਜਪਾ ਨੇ ਹਰਿਆਣਾ ਦਾ ‘ਰੂਪ’ ਬਦਲ ਦਿੱਤਾ ਹੈ।
ਸੈਣੀ ਕਸਬਾ ਝਬਾਲ ਵਿੱਚ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ’ਚ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੇ ਅਸੀਂ ਅੱਗੇ ਵਧਣਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਚੋਣ ਨੇ ਫ਼ੈਸਲਾ ਕਰਨਾ ਹੈ ਕਿ ਪੰਜਾਬ ਕਿਸ ਦਿਸ਼ਾ ਵੱਲ ਜਾਵੇਗਾ| ਸੈਣੀ ਨੇ ਹਰਿਆਣਾ ਸਰਕਾਰ ਦੀਆਂ ਉਪਲੱਬਧੀਆਂ ਸਾਂਝੀਆਂ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਨੇ ਗ਼ਰੀਬਾਂ ਲਈ 1.25 ਲੱਖ ਘਰ ਬਣਾਏ ਹਨ, 1.5 ਕਰੋੜ ਲੋਕਾਂ ਨੂੰ ਆਯੂਸ਼ਮਾਨ ਕਾਰਡ ਜਾਰੀ ਕੀਤੇ ਹਨ ਤੇ ਪਿਛਲੇ 11 ਸਾਲਾਂ ਵਿੱਚ ਲੋਕਾਂ ਦੇ ਇਲਾਜ ਲਈ 3,500 ਕਰੋੜ ਖ਼ਰਚੇ ਹਨ। ਭਾਜਪਾ ਸਰਕਾਰ ਨੇ ਔਰਤਾਂ ਲਈ 2,100 ਪ੍ਰਤੀ ਮਹੀਨਾ ਪੈਨਸ਼ਨ ਸਕੀਮ ਦੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ, ਇਸ ਲਈ ਫੰਡ ਵੀ ਰੱਖੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਨੇ 1,000 ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਜੋ ਹਾਲੇ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾਂ ਨੂੰ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਬਾਰੇ ਵੀ ਸਵਾਲ ਕੀਤਾ। ਉਨ੍ਹਾਂ ਕਾਂਗਰਸ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਦੀਆਂ ਕੀਤੀਆਂ ਵਧੀਕੀਆਂ ਨੂੰ ਕਦੇ ਨਹੀਂ ਭੁੱਲਣਗੇ।
ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਨੇ 1984 ਦੇ ਦੰਗਿਆਂ ਦੇ ਪੀੜਤਾਂ ਨੂੰ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਇੰਨੀ ਖ਼ਰਾਬ ਹੋ ਚੁੱਕੀ ਹੈ ਕਿ ਫ਼ਿਰੌਤੀ ਦੀ ਧਮਕੀ ਤੋਂ ਡਰਦੇ ਪਿੰਡਾਂ ਦੇ ਕਰਿਆਨਾ ਦੁਕਾਨਦਾਰਾਂ ਨੇ ਵੀ ਆਪਣੇ ਬੋਰਡਾਂ ਤੋਂ ਫੋਨ ਨੰਬਰ ਹਟਾ ਲਏ ਹਨ। ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ’ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ‘ਆਪ’ ਦੀ ਛੱਤਰ ਛਾਇਆ ਲੈਣ ਲਈ ਜਾਤੀਵਾਦੀ ਟਿੱਪਣੀਆਂ ਕੀਤੀਆਂ ਤਾਂ ਜੋ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ।
