‘ਆਪ’ ਵੱਲੋਂ ਚਾਰ ਸੂਬਾਈ ਆਬਜ਼ਰਵਰ ਤੇ 27 ਹਲਕਾ ਸੰਗਠਨ ਇੰਚਾਰਜ ਨਿਯੁਕਤ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਕਈ ਦਿਨਾਂ ਤੋਂ ਫ਼ਰਾਰ ਹੋਣ ਕਰ ਕੇ ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੂੰ ਵਿਧਾਨ ਸਭਾ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ‘ਆਪ’ ਨੇ ਪੰਜਾਬ ਵਿੱਚ ਚਾਰ ਸੂਬਾਈ ਆਬਜ਼ਰਵਰ ਅਤੇ 27 ਵਿਧਾਨ ਸਭਾ ਹਲਕਿਆਂ ਦੇ ਸੰਗਠਨ ਇੰਚਾਰਜ ਨਿਯੁਕਤ ਕੀਤੇ ਹਨ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਨੇ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਪਠਾਣਮਾਜਰਾ ਵਿਰੁੱਧ ਜਬਰ-ਜਨਾਹ ਦਾ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਪੁਲੀਸ ਨੇ ਸ੍ਰੀ ਪਠਾਣਮਾਜਰਾ ਨੂੰ ਹਰਿਆਣਾ ਦੇ ਕਰਨਾਲ ’ਚੋਂ ਗ੍ਰਿਫ਼ਤਾਰ ਕਰਨ ਲਈ ਛਾਪਾ ਮਾਰਿਆ ਜਿੱਥੋਂ ਉਹ ਫ਼ਰਾਰ ਹੋ ਗਿਆ ਸੀ। ਇਸ ਦੇ ਨਾਲ ਹੀ ‘ਆਪ’ ਨੇ ਅੱਜ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਚਾਰ ਨਜ਼ਦੀਕੀਆਂ ਨੂੰ ਪੰਜਾਬ ਦਾ ਅਬਜ਼ਰਵਰ ਲਗਾਇਆ ਗਿਆ ਹੈ। ਇਨ੍ਹਾਂ ਵਿੱਚ ਆਦਿਲ ਅਹਿਮਦ ਖਾਨ, ਗਾਇਤਰੀ ਬਿਸ਼ਨੋਈ, ਰਿਤੇਸ਼ ਖੰਡੇਲਵਾਲ ਅਤੇ ਅਸਿਤ ਕੁਮਾਰ ਦੇ ਨਾਮ ਸ਼ਾਮਲ ਹਨ। ਇਹ ਚਾਰੋਂ ਦਿੱਲੀ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ 27 ਹਲਕਿਆਂ ਲਈ ਹਲਕਾ ਸੰਗਠਨ ਇੰਚਾਰਜ ਅਤੇ ਖਰੜ ਹਲਕੇ ਲਈ ਟਰੇਡ ਵਿੰਗ ਹਲਕਾ ਕੋਆਰਡੀਨੇਟਰ ਵੀ ਨਿਯੁਕਤ ਕੀਤਾ ਗਿਆ ਹੈ। ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਨਵ-ਨਿਯੁਕਤ ਹਲਕਾ ਇੰਚਾਰਜ ਤੇ ਹਲਕਾ ਸੰਗਠਨ ਇੰਚਾਰਜਾਂ ਨੂੰ ਵਧਾਈ ਦਿੱਤੀ ਤੇ ਜ਼ਿੰਮੇਵਾਰੀ ਨਾਲ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਥੇਬੰਧਕ ਢਾਂਚੇ ਦੀ ਮਜ਼ਬੂਤੀ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਜਿਹੇ ਆਗੂਆਂ ਦੀ ਲੋੜ ਹੈ ਜੋ ਲੋਕਾਂ ਲਈ ਨਿਰਸਵਾਰਥ ਕੰਮ ਕਰਨ।