ਮੁੱਖ ਮੰਤਰੀ ਦੀ ਵੀਡੀਓ ਤੋਂ ‘ਆਪ’ ਤੇ ਭਾਜਪਾ ਆਹਮੋ-ਸਾਹਮਣੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਪੰਜਾਬ ਵਿੱਚ ‘ਆਪ’ ਤੇ ਭਾਜਪਾ ਆਹਮੋ-ਸਾਹਮਣੇ ਹੋ ਗਈਆਂ ਹਨ। ਦੋਵਾਂ ਪਾਰਟੀਆਂ ਵੱਲੋਂ ਵੀਡੀਓ ਲਈ ਇੱਕ-ਦੂਜੇ ਦੀ ਘੇਰਾਬੰਦੀ ਕੀਤੀ ਜਾ ਰਹੀ ਹੈ। ਇਸ ਸਬੰਧੀ ਅੱਜ ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਨਾਮ ਕਰਨ ਲਈ ਬਣਾਈ ਵੀਡੀਓ ਦੇ ਪ੍ਰਸਾਰ ਦੀ ਨਿਖੇਧੀ ਕੀਤੀ ਹੈ। ਸ੍ਰੀ ਕੰਗ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਵੀਡੀਓ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਭਾਜਪਾ ਨੂੰ ਜ਼ਿੰਮੇਵਾਰ ਠਰਿਹਾਇਆ ਹੈ। ਉਨ੍ਹਾਂ ਕਿਹਾ ਕਿ ਇਹ ਫ਼ਰਜ਼ੀ ਵੀਡੀਓ ਕੈਨੇਡਾ ਵਿੱਚ ਬੈਠੇ ਜਗਮਨ ਸਮਰਾ ਨਾਂ ਦੇ ਵਿਅਕਤੀ ਵੱਲੋਂ ਪੋਸਟ ਕੀਤੀ ਗਈ ਹੈ। ਇਸ ਨੂੰ ਮੁਹਾਲੀ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਡਿਲੀਟ ਕਰ ਦਿੱਤਾ ਗਿਆ ਹੈ।
ਸ੍ਰੀ ਕੰਗ ਨੇ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਫ਼ਰਜ਼ੀ ਕਲਿੱਪ ਨੂੰ ਜਾਣ-ਬੁੱਝ ਕੇ ਫੈਲਾਇਆ ਜਾ ਰਿਹਾ ਹੈ। ਭਾਜਪਾ ਪੰਜਾਬ ਵਿੱਚ ‘ਆਪ’ ਨੂੰ ਰਾਜਨੀਤਕ ਤੌਰ ’ਤੇ ਹਰਾਉਣ ਵਿੱਚ ਨਾਕਾਮ ਰਹਿ ਰਹੀ ਹੈ। ਇਸੇ ਕਰ ਕੇ ਉਹ ਮੁੱਖ ਮੰਤਰੀ ਦੇ ਚਰਿੱਤਰ ਨੂੰ ਖ਼ਰਾਬ ਕਰਨ ਲਈ ਫ਼ਰਜ਼ੀ ਵੀਡੀਓਜ਼ ਦਾ ਸਹਾਰਾ ਲੈ ਰਹੀ ਹੈ। ਪੰਜਾਬ ਦੇ ਲੋਕ ਇਸ ਸਾਜ਼ਿਸ਼ ਦਾ ਸਹੀ ਸਮੇਂ ’ਤੇ ਜਵਾਬ ਦੇਣਗੇ। ‘ਆਪ’ ਪੰਜਾਬ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਵੱਲੋਂ ਸਾਢੇ ਤਿੰਨ ਸਾਲਾਂ ਵਿੱਚ ਇਤਿਹਾਸਕ ਕੰਮ ਕੀਤੇ ਹਨ, ਜਿਸ ਦਾ ਭਾਜਪਾ ਕਦੇ ਵੀ ਸਾਹਮਣਾ ਨਹੀਂ ਕਰ ਸਕਦੀ।
ਇਸੇ ਦੌਰਾਨ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਆਗੂਆਂ ਦੀ ਹੁਣ ਤੱਕ ਵੱਟੀ ਚੁੱਪੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਤੇ ‘ਆਪ’ ਦੇ ਆਗੂ ਹਰ ਛੋਟੀ ਗੱਲ ’ਤੇ ਪ੍ਰੈੱਸ ਕਾਨਫਰੰਸ ਕਰਦੇ ਹਨ ਪਰ ਇਸ ਮੁੱਦੇ ’ਤੇ ਪਿਛਲੇ ਦੋ ਦਿਨਾਂ ਤੋਂ ਚੁੱਪ ਹਨ। ਮੁੱਖ ਮੰਤਰੀ ਮਾਨ ਤੇ ‘ਆਪ’ ਆਗੂਆਂ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ। ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਕਿ ਇਹ ਮਾਮਲਾ ਸਿਰਫ਼ ਵੀਡੀਓ ਤੱਕ ਸੀਮਤ ਨਹੀਂ ਹੈ, ਸਗੋਂ ਇਹ ਸਰਕਾਰ ਦੀ ਇਮਾਨਦਾਰੀ ਤੇ ਨੈਤਿਕਾ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰਦੀ ਹੈ। ਸਾਈਬਰ ਸੈੱਲ ਨੇ ਵੀਡੀਓ ਸਬੰਧੀ ਕੇਸ ਦਰਜ ਕੀਤਾ ਹੈ ਪਰ ਹਾਲੇ ਤੱਕ ਮੁੱਖ ਮੰਤਰੀ ਦੇ ਬਿਆਨ ਦਰਜ ਨਹੀਂ ਕੀਤੇ ਗਏ ਹਨ।
