ਢੱਠੇ ’ਚ ਮੋਟਰਸਾਈਕਲ ਵੱਜਣ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੀ ਮੌਤ
ਇਥੇ ਮੂਸਾ ਚੌਕ ਲਾਗੇ ਬੁੱਧਵਾਰ ਰਾਤੀਂ ਢੱਠੇ ’ਚ ਮੋਟਰਸਾਈਕਲ ਵੱਜਣ ਨਾਲ ਆਮ ਆਦਮੀ ਪਾਰਟੀ ਯੂਥ ਵਿੰਗ ਭੀਖੀ ਦੇ ਹਲਕਾ ਇੰਚਾਰਜ ਨਵਨੀਤਪਾਲ ਸਿੰਘ (40) ਪੁੱਤਰ ਦਰਸ਼ਨ ਸਿੰਘ ਵਾਸੀ ਢੈਪਈ ਦੀ ਮੌਤ ਹੋ ਗਈ ਹੈ। ਉਹ ਮਾਨਸਾ ਤੋਂ ਹੜ੍ਹ ਪੀੜਤਾਂ ਨੂੰ ਭੇਜੇ ਜਾਣ ਵਾਲੇ ਹਰੇ ਚਾਰੇ ਨੂੰ ਤਿਆਰ ਕਰਵਾ ਕੇ ਸ਼ਾਮ ਸਮੇਂ ਸ਼ਹਿਰੋਂ ਮੋਟਰਸਾਈਕਲ ਉਪਰ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਮੂਸਾ ਚੌਂਕ ਲਾਗੇ ਉਸ ਦਾ ਮੋਟਰਸਾਈਕਲ ਅਵਾਰਾ ਪਸ਼ੂ ਨਾਲ ਟਕਰਾ ਗਿਆ। ਵਿਧਾਇਕ ਡਾ. ਵਿਜੈ ਸਿੰਗਲਾ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਪਾਰਟੀ ਆਗੂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ।
ਜਾਣਕਾਰੀ ਅਨੁਸਾਰ ਭੀਖੀ ਆਮ ਆਦਮੀ ਪਾਰਟੀ ਯੂਥ ਵਿੰਗ ਦਾ ਹਲਕਾ ਇੰਚਾਰਜ ਨਵਨੀਤ ਪਾਲ ਸਿੰਘ ਹੜ੍ਹ ਪੀੜਤਾਂ ਨੂੰ ਭੇਜੇ ਜਾਣ ਵਾਲੇ ਹਰੇ ਚਾਰੇ ਨੂੰ ਤਿਆਰ ਕਰਵਾਉਣ ਲਈ ਆਇਆ ਹੋਇਆ ਸੀ। ਜਦੋਂ ਉਹ ਸ਼ਾਮ ਵੇਲੇ ਆਪਣੇ ਮੋਟਰਸਾਈਕਲ ’ਤੇ ਆਪਣੇ ਪਿੰਡ ਢੈਪਈ ਮੁੜਣ ਲੱਗਿਆ ਤਾਂ ਮੂਸਾ ਚੌਕ ਵਿੱਚ ਉਸ ਦਾ ਮੋਟਰਸਾਈਕਲ ਸੜਕ ’ਤੇ ਖ਼ੜੇ ਢੱਠੇ ਵਿਚ ਜਾ ਟਕਰਾਇਆ, ਜਿਸ ਵਿੱਚ ਨਵਨੀਤ ਪਾਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਤੇ ‘ਆਪ’ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਪਾਰਟੀ ਯੂਥ ਵਿੰਗ ਦਾ ਆਗੂ ਨਵਨੀਤ ਪਾਲ ਸਿੰਘ ਹੜ੍ਹ ਪੀੜਤਾਂ ਦੀ ਸੇਵਾ ਵਿਚ ਲੱਗਿਆ ਹੋਇਆ ਸੀ। ਉਨਾਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪੀੜਤ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੀ ਹੈ। ਮ੍ਰਿਤਕ ਨਵਨੀਤ ਪਾਲ ਸਿੰਘ ਇਕ ਬੱਚੇ ਦਾ ਪਿਤਾ ਸੀ।