ਮਾਸਕੋ ਪੜ੍ਹਨ ਗਏ ਧਰਮਕੋਟ ਦੇ ਨੌਜਵਾਨ ਨੂੰ ਰੂਸੀ ਫੌਜ ਨੇ ਜੰਗ ਵਿੱਚ ਧੱਕਿਆ
ਰੂਸ ਦੇ ਮਾਸਕੋ ਵਿੱਚ ਸਾਲ ਪਹਿਲਾਂ ਪੜ੍ਹਨ ਗਏ ਪਿੰਡ ਚੱਕ ਕੰਨੀਆਂ ਕਲਾਂ ਦੇ ਨੌਜਵਾਨ ਨੂੰ ਰੂਸੀ ਫੌਜ ਨੇ ਜੰਗ ਦੇ ਮੈਦਾਨ ਵਿੱਚ ਧੱਕ ਦਿੱਤਾ ਹੈ। ਉਸ ਨਾਲ 14 ਹੋਰ ਵੀ ਪੰਜਾਬੀ ਨੌਜਵਾਨ ਫੌਜ ਨੇ ਬੰਦੀ ਬਣਾਏ ਹੋਏ ਹਨ। ਇਨ੍ਹਾਂ ਵਿਚੋਂ 6 ਨੌਜਵਾਨ ਹੁਣ ਲਾਪਤਾ ਹਨ। ਪਰਿਵਾਰ ਨੂੰ ਭੇਜੀ ਦੋ ਦਿਨ ਪਹਿਲਾਂ ਇਕ ਵੀਡੀਓ ਵਿਚ ਇਹ ਖੁਲਾਸਾ ਹੋਇਆ ਹੈ। ਨੌਜਵਾਨ ਦਾ ਹੁਣ ਪਰਿਵਾਰ ਨਾਲ ਰਾਬਤਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ। ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਅਪੀਲ ਕਰਦੇ ਹੋਏ ਨੌਜਵਾਨ ਨੂੰ ਵਾਪਸ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਬੂਟਾ ਸਿੰਘ ਪੁੱਤਰ ਰਾਮ ਸਿੰਘ ਵਾਸੀ ਚੱਕ ਕੰਨੀਆਂ ਕਲਾਂ ਇੱਕ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ਰਾਹੀਂ ਮਾਸਕੋ ਪੜ੍ਹਾਈ ਲਈ ਗਿਆ ਸੀ। ਕੰਮ ਦੇ ਸਿਲਸਿਲੇ ਵਿੱਚ ਉਹ ਅਤੇ ਉਸ ਦੇ ਸਾਥੀ ਰੂਸੀ ਫੌਜ ਦੇ ਏਜੰਟਾਂ ਦੇ ਹੱਥੀ ਚੜ੍ਹ ਗਏ। ਇਨ੍ਹਾਂ ਸਾਰੀਆਂ ਨੂੰ ਝੂਠੇ ਸਬਜ਼ਬਾਗ ਦਿਖਾ ਕੇ ਫ਼ੌਜ ਦੇ ਕੈਂਪਾਂ ਵਿੱਚ ਪਹੁੰਚਾ ਦਿੱਤਾ ਗਿਆ ਜਿੱਥੇ ਸਾਰੇ ਨੌਜਵਾਨਾਂ ਨੂੰ ਇੱਕ ਤਰ੍ਹਾਂ ਨਾਲ ਫੌਜ ਵਲੋਂ ਬੰਦੀ ਬਣਾ ਰੱਖਿਆ ਹੋਇਆ ਹੈ। ਆਪਣੀ ਵੀਡੀਓ ਵਿਚ ਬੂਟਾ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਭੁੱਖਣ ਭਾਣੇ ਰੱਖਿਆ ਗਿਆ ਹੈ ਅਤੇ ਬਿਨ੍ਹਾਂ ਫੌਜੀ ਟ੍ਰੇਨਿੰਗ ਤੋਂ ਜੰਗ ਵਿੱਚ ਧੱਕਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨਾਲ ਕੋਈ ਅੱਧੀ ਦਰਜਨ ਨੌਜਵਾਨਾਂ ਨੂੰ ਅੱਗੇ ਭੇਜ ਦਿੱਤਾ ਗਿਆ ਹੈ। ਜਲਦ ਹੀ ਉਨ੍ਹਾਂ ਨੂੰ ਵੀ ਯੂਕਰੇਨ ਭੇਜਣ ਦੀ ਤਿਆਰੀ ਹੈ। ਫੌਜੀ ਵਰਦੀ ਵਿੱਚ ਭੇਜੀ ਗਈ ਇਸ ਵੀਡੀਓ ਤੋਂ ਨੌਜਵਾਨ ਦੀਆਂ ਉਕਤ ਗੱਲਾਂ ਦੀ ਪੁਸ਼ਟੀ ਹੋ ਰਹੀ ਹੈ। ਉਕਤ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ। ਨੌਜਵਾਨ ਦੇ ਪਿਤਾ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਗ਼ਰੀਬ ਹੰਢਾ ਰਿਹਾ ਹੈ। ਉਨ੍ਹਾਂ ਆਪਣੇ ਲੜਕੇ ਨੂੰ ਘਰ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਸਾਹਮਣੇ ਆਉਣ ਨਾਲ ਪਰਿਵਾਰ ਬੇਹੱਦ ਸਦਮੇ ਵਿਚ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਬੂਟਾ ਸਿੰਘ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ ਅਤੇ ਕੁਝ ਪੈਸੇ ਵੀ ਘਰ ਭੇਜੇ ਸਨ। ਉਨ੍ਹਾਂ ਦੱਸਿਆ ਕਿ ਉਹ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਮੁਲਾਕਾਤ ਕਰਨ ਗਏ ਸਨ, ਲੇਕਿਨ ਉਹ ਬਾਹਰ ਹੋਣ ਕਾਰਨ ਮਿਲ ਨਹੀਂ ਸਕੇ। ਹਲਕਾ ਵਿਧਾਇਕ ਨੇ ਸਪੰਰਕ ਕਰਨ ਤੇ ਦੱਸਿਆ ਕਿ ਉਹ ਇਸ ਮਾਮਲੇ ਨੂੰ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆ ਰਹੇ ਹਨ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।