ਪੁਰਤਗਾਲ ਵਿੱਚ ਹਾਦਸੇ ਕਾਰਨ ਚਾਹੜਕੇ ਦੇ ਨੌਜਵਾਨ ਦੀ ਮੌਤ
ਬਲਵਿੰਦਰ ਸਿੰਘ ਭੰਗੂ
ਇੱਥੋਂ ਨੇੜਲੇ ਪਿੰਡ ਚਾਹੜਕੇ ਦੇ ਗੁਰਜੀਤ ਸਿੰਘ ਭੰਗੂ (28) ਦੀ ਪੁਰਤਗਾਲ ਵਿੱਚ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੀਤ ਸਿੰਘ ਭੰਗੂ ਕਈ ਸਾਲਾਂ ਤੋਂ ਪੁਰਤਗਾਲ ਦੇ ਸ਼ਹਿਰ ਲਿਸਬਨ ਰਹਿ ਰਿਹਾ ਸੀ। ਉਹ ਚਾਰ ਮਹੀਨੇ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਮਿਲ ਕੇ ਵਾਪਸ ਗਿਆ ਸੀ। ਉਸ ਦੇ ਪਿਤਾ ਦੀਪ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਗੁਰਜੀਤ ਜਾਂਦਾ ਹੋਇਆ ਕਹਿ ਕੇ ਗਿਆ ਸੀ ਕਿ ਅਗਲੀ ਛੁੱਟੀ ਆ ਕੇ ਉਹ ਵਿਆਹ ਕਰਵਾਏਗਾ।
ਦੀਪ ਸਿੰਘ ਨੇ ਦੱਸਿਆ ਕਿ ਸਵੇਰੇ ਅੱਠ ਵਜੇ ਦੇ ਕਰੀਬ ਗੁਰਜੀਤ ਸਿੰਘ ਦੇ ਨੇੜੇ ਰਹਿ ਰਹੇ ਸਤਨਾਮ ਸਿੰਘ ਭੰਗੂ ਦਾ ਫੋਨ ਆਇਆ ਸੀ ਕਿ ਸੜਕ ਹਾਦਸੇ ’ਚ ਗੁਰਜੀਤ ਸਿੰਘ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਗੁਰਜੀਤ ਸਕੂਟਰ ’ਤੇ ਕੰਮ ਉੱਤੇ ਜਾ ਰਿਹਾ ਸੀ ਤਾਂ ਪਿੱਛੋਂ ਕਿਸੇ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਤਨਾਮ ਨੇ ਦੱਸਿਆ ਕਿ ਗੁਰਜੀਤ ਸਿੰਘ ਭੰਗੂ ਦਾ ਮ੍ਰਿਤਕ ਸਰੀਰ ਉੱਥੋਂ ਦੀ ਪੁਲੀਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਉਸ ਨੂੰ ਟੱਕਰ ਮਾਰਨ ਵਾਲੇ ਕਾਰ ਚਾਲਕ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪਿੰਡ ਦੀ ਸਰਪੰਚ ਮਨਜੀਤ ਕੌਰ, ਪੰਚ ਜੋਗਿੰਦਰ ਸਿੰਘ ਭੰਗੂ ਅਤੇ ਪੰਚ ਜਗਦੇਵ ਸਿੰਘ ਸੈਣੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਗੁਰਜੀਤ ਸਿੰਘ ਦਾ ਮ੍ਰਿਤਕ ਸਰੀਰ ਪੁਰਤਗਾਲ ਤੋਂ ਪੰਜਾਬ ਲਿਆਉਣ ਵਿੱਚ ਪਰਿਵਾਰ ਦੀ ਮਦਦ ਕੀਤੀ ਜਾਵੇ ਅਤੇ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਦਿਵਾਈ ਜਾਵੇ। ਗੁਰਜੀਤ ਸਿੰਘ ਦਾ ਛੋਟਾ ਭਰਾ ਅਮਰੀਕਾ ਰਹਿ ਰਿਹਾ ਹੈ।