ਥਾਣੇ ਨੂੰ ਗ੍ਰਨੇਡ ਨਾਲ ਉਡਾਉਣ ਬਾਰੇ ਪੋਸਟ ਕਾਰਨ ਭਾਜੜਾਂ
ਇਥੋਂ ਦੇ ਥਾਣੇ ਨੂੰ ਬੰਬ ਨਾਲ ਉਡਾਉਣ ਸਬੰਧੀ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦੇ 36 ਘੰਟੇ ਬੀਤ ਜਾਣ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ। ਡੀ ਐੱਸ ਪੀ ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਕਿਹਾ ਕਿ ਇਹ ਅਫ਼ਵਾਹ ਹੈ ਅਤੇ ਅਜਿਹੀ ਕੋਈ ਗੱਲ ਨਹੀਂ। ਦੱਸਣਯੋਗ ਹੈ ਕਿ ਲੰਘੇ ਸ਼ਨਿਚਰਵਾਰ ਦੇਰ ਰਾਤ ਸੋਸ਼ਲ ਮੀਡੀਆ ’ਤੇ ਥਾਣਾ ਤਲਵਾੜਾ ਨੂੰ ਗ੍ਰਨੇਡ ਨਾਲ ਉਡਾਉਣ ਦੀ ਪੋਸਟ ਸ਼ੇਅਰ ਕੀਤੀ ਗਈ ਸੀ। ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੁੰਦੇ ਸਾਰ ਹੀ ਜ਼ਿਲ੍ਹਾ ਪੁਲੀਸ ਸਮੇਤ ਸਥਾਨਕ ਪੁਲੀਸ ਪੱਬਾਂ ਭਾਰ ਹੋ ਗਈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਥਾਣਾ ਤਲਵਾੜਾ ਮੁਖੀ ਸਤਪਾਲ ਸਿੰਘ ਜਲੋਟਾ, ਡੀਐੱਸਪੀ ਦਸੂਹਾ ਬਲਵਿੰਦਰ ਸਿੰਘ ਜੌੜਾ, ਡੀ ਐੱਸ ਪੀ (ਡੀ) ਪਰਮਿੰਦਰ ਸਿੰਘ ਅਤੇ ਪੁੂਨੀਤ ਸ਼ਰਮਾ ਆਦਿ ਨਾਲ ਐਮਰਜੰਸੀ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਐਤਵਾਰ ਨੂੰ ਬਾਅਦ ਦੁਪਹਿਰ ਅਧਿਕਾਰੀਆਂ ਦੀ ਟੀਮ ਨੇ ਥਾਣਾ ਤਲਵਾੜਾ ਦਾ ਦੌਰਾ ਕੀਤਾ, ਥਾਣੇ ਦੀ ਜਾਂਚ ਕੀਤੀ ਪਰ ਕਿੱਧਰੇ ਕੁਝ ਨਹੀਂ ਮਿਲਿਆ। ਇਸ ਉਪਰੰਤ ਡੀ ਐੱਸ ਪੀ (ਡੀ) ਪਰਮਿੰਦਰ ਸਿੰਘ ਨੇ ਤਲਵਾੜਾ ਖੇਤਰ ਦੇ ਵੱਖ ਵੱਖ ਜਨਤਕ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਘਾਲਿਆ। ਪਰ ਪੁਲੀਸ ਨੂੰ ਕਿੱਧਰੇ ਵੀ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਹੀਂ ਮਿਲੀ। ਇਸ ਸਾਰੇ ਮਾਮਲੇ ਤੋਂ ਪ੍ਰਸ਼ਾਸਨ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਪਰ ਸੋਸ਼ਲ ਮੀਡੀਆ ’ਤੇ ਥਾਣਾ ਤਲਵਾੜਾ ਨੂੰ ਗ੍ਰਨੇਡ ਨਾਲ ਉਡਾਉਣ ਦੀ ਪਾਈ ਪੋਸਟ ਨੇ ਜ਼ਿਲ੍ਹਾ ਪੁਲੀਸ ਨੂੰ ਭਾਜੜਾਂ ਪਾ ਦਿੱਤੀਆਂ ਹਨ। ਥਾਣਾ ਤਲਵਾੜਾ ਨੂੰ ਉਡਾਉਣ ਸਬੰਧੀ ਝੂਠੀ ਪੋਸਟ ਦੀ ਜ਼ਿੰਮੇਵਾਰੀ ਮਨੂ ਅਗਵਾਨ, ਮਨਿੰਦਰ ਬਿੱਲਾ ਤੇ ਗੋਪੀ ਨਵਾਂ ਸ਼ਹਿਰੀਆਂ ਨੇ ਲਈ ਹੈ, ਜਿਨ੍ਹਾਂ ਨੇ ਪਾਕਿਸਤਾਨ ’ਚ ਬੈਠੇ ਅਤਿਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਸਬੰਧ ਹੋਣ ਦਾ ਖੁਲਾਸਾ ਕੀਤਾ ਹੈ। ਉਧਰ ਸੋਸ਼ਲ ਮੀਡੀਆ ’ਤੇ ਥਾਣਾ ਤਲਵਾੜਾ ਸਬੰਧੀ ਪੋਸਟ ਵਾਇਰਲ ਹੋਣ ਉਪਰੰਤ ਥਾਣੇ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਡੀ ਐੱਸ ਪੀ ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਪੋਸਟ ਨੂੰ ਫ਼ਰਜ਼ੀ ਦੱਸਿਆ ਹੈ। ਪੁਲੀਸ ਸੋਸ਼ਲ ਮੀਡੀਆ ਖਾਤੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਗੱਲ ਆਖੀ ਹੈ ਪਰ 36 ਘੰਟੇ ਬੀਤ ਜਾਣ ਬਾਅਦ ਵੀ ਪੁਲੀਸ ਦੇ ਹੱਥ ਖਾਲੀ ਹਨ।
