ਬਰੈਂਪਟਨ ’ਚ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ ਨੇ ਦਰਸ਼ਕ ਕੀਲੇ
ਹੈਟਸ ਅੱਪ ਸੁਸਾਇਟੀ ਨੇ ਬਰੈਂਪਟਨ ਦੇ ਪੰਜਾਬੀ ਭਵਨ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹੀਰਾ ਰੰਧਾਵਾ ਵੱਲੋਂ ਲਿਖੇ ਤੇ ਨਿਰਦੇਸ਼ਤ ਕੀਤੇ ਨਾਟਕ ‘ਸੱਚ, ਸਿਰਰੁ ਤੇ ਸੀਸ’ ਦੀ ਸਫਲ ਪੇਸ਼ਕਾਰੀ ਕਰਕੇ ਦਰਸ਼ਕਾਂ ਦੇ ਮਨਾਂ ਨੂੰ ਕੀਲਦੇ ਹੋਏ ਸੋਚਣ ਲਈ ਮਜਬੂਰ ਕੀਤਾ ਕਿ ਸਿੱਖ ਇਤਿਹਾਸ ਨੂੰ ਸਮਝਣ ਅਤੇ ਨੇੜਿਓਂ ਮਹਿਸੂਸ ਕਰਕੇ ਗੁਰੂ ਸਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਜਾਚ ਬਣਾਏ ਜਾਣ ਦੀ ਸਖ਼ਤ ਲੋੜ ਹੈ। ਨਾਟਕਕਾਰ ਨੇ ਕਹਾਣੀ ਦਾ ਮੁੱਢ ਬਾਬਾ ਬਕਾਲਾ ਦੀ ਧਰਤੀ ਤੋਂ ਬੰਨਿਆ, ਜਿੱਥੋ ਮੱਖਣ ਸ਼ਾਹ ਲੁਬਾਣੇ ਨੇ ਦਰਜਨਾਂ ਮੰਜੀਆ ਡਾਹ ਕੇ ਗੁਰੂ ਬਣੀ ਬੈਠੇ ਪਖੰਡੀਆਂ ਦਾ ਪਰਦਾ ਲਾਹ ਕੇ ਦੂਰ ਭੋਰੇ ਵਿੱਚ ਤਪੱਸਿਆ ਵਿਚ ਲੀਨ ਗੁਰੂ ਸਾਹਿਬ ਨੂੰ ਲੱਭ ਕੇ ਗੁਰੂ ਲਾਧੋ ਦਾ ਹੋਕਾ ਦਿੱਤਾ।
ਭਾਈ ਜੈਤਾ ਜੀ ਵਲੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੇ ਦ੍ਰਿਸ਼ ਨੇ ਦਰਸ਼ਕਾਂ ਨੂੰ ਐਨਾ ਗੰਭੀਰ ਕਰ ਦਿੱਤਾ ਕਿ ਹਾਲ ਵਿੱਚ ਡਿੱਗੀ ਸੂਈ ਦਾ ਖੜਕਾ ਵੀ ਸੁਣਨ ਲੱਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਉਦੋਂ ਬਾਲ ਗੋਵਿੰਦ ਸਨ, ਭਾਈ ਜੈਤੇ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਦੇ ਖਿਤਾਬ ਨਾਲ ਨਿਵਾਜਦੇ ਹਨ।
ਸਮੁੱਚੇ ਨਾਟਕ ਦੀ ਲਿਖਤ ਅਤੇ ਪੇਸ਼ਕਾਰੀ ਵਿੱਚ ਸ਼ਬਦਾਂ ਦੀ ਚੋਣ ਐਨੀ ਸਹਿਜਤਾ ਨਾਲ ਕੀਤੀ ਗਈ ਕਿ ਹਰੇਕ ਗੱਲ ਦਰਸ਼ਕਾਂ ਦੇ ਮਨਾਂ ’ਤੇ ਕਾਟ ਕਰਦੀ ਲੱਗੀ। ਲੱਖੀ ਸ਼ਾਹ ਵਣਜਾਰਾ ਦੇ ਰੂਪ ਵਿਚ ਅਮਨ ਮਹਿਣਾ ਤੇ ਭਾਈ ਜੈਤਾ ਦੇ ਰੂਪ ਵਿਚ ਸ਼ਿੰਗਾਰਾ ਸਮਰਾ ਨੇ ਵੀ ਕਮਾਲ ਦੀ ਅਦਾਕਾਰੀ ਕੀਤੀ। ਹਰੇਕ ਪਾਤਰ ਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ। ਪਿਛੋਕੜ ਦੀ ਆਵਾਜ਼ ਵੀ ਕਮਾਲ ਦਾ ਪ੍ਰਭਾਵ ਛੱਡ ਰਹੀ ਸੀ। ਦਲਵੀਰ ਸਿੰਘ ਕਥੂਰੀਆ ਨੇ ਹਾਜ਼ਰ ਦਰਸ਼ਕਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਇਸ ਨਾਟਕ ਦੇ ਸੰਦੇਸ਼ ਨੂੰ ਮਨਾਂ ਚ ਵਸਾ ਲੈਣ ਲਈ ਕਿਹਾ।
