ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ
ਪਤੀ-ਪਤਨੀ ਤੇ ਤਿੰਨ ਬੱਚੇ ਸੀ ਸਵਾਰ
Advertisement
ਦਿੱਲੀ ਮੁੰਬਈ ਐਕਸਪ੍ਰੈਸਵੇਅ ’ਤੇ ਸੀਕਰੀ ਪਿੰਡ ਦੇ ਨੇੜੇ ਇੱਕ ਕ੍ਰੇਟਾ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਸਮੇਂ ਡਰਾਈਵਰ ਦੀ ਪਤਨੀ ਅਤੇ ਤਿੰਨ ਬੱਚੇ ਕਾਰ ਵਿੱਚ ਸਵਾਰ ਸਨ। ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਕਾਰ ਸਾਈਡ ‘ਤੇ ਰੋਕ ਦਿੱਤੀ। ਸਮਾਂ ਰਹਿੰਦੇ ਉਸ ਨੇ ਪਰਿਵਾਰ ਨੂੰ ਬਾਹਰ ਕੱਢ ਲਿਆ। ਉਸ ਮਗਰੋਂ ਪੂਰੀ ਕਾਰ ਅੱਗ ਦਾ ਗੋਲਾ ਬਣ ਗਈ। ਖੰਡਾਵਲੀ ਪਿੰਡ ਦੇ ਵਸਨੀਕ ਸਰਵਰ ਖ਼ਾਨ ਨੇ ਦੱਸਿਆ ਕਿ ਐਤਵਾਰ ਸ਼ਾਮ ਨੂੰ ਉਹ ਰਿਸ਼ਤੇਦਾਰਾਂ ਨੂੰ ਮਿਲਣ ਲਈ ਸੋਹਨਾ ਜਾ ਰਿਹਾ ਸੀ। ਇਸ ਮੌਕੇ ਉਸ ਦੀ ਪਤਨੀ, ਧੀਆਂ ਮਾਇਰ ਤੇ ਇੰਸ਼ਾ ਅਤੇ ਪੁੱਤਰ ਅਰਸ਼ਦ ਉਸ ਦੇ ਨਾਲ ਕਾਰ ਵਿੱਚ ਸਵਾਰ ਸਨ। ਜਿਵੇਂ ਹੀ ਉਹ ਦਿੱਲੀ-ਮੁੰਬਈ ਐਕਸਪ੍ਰੈਸਵੇਅ ’ਤੇ ਪਹੁੰਚੇ, ਕਾਰ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਸਰਵਰ ਨੇ ਕਾਰ ਨੂੰ ਸੜਕ ਕਿਨਾਰੇ ਕੀਤਾ ਤੇ ਪੂਰੇ ਪਰਿਵਾਰ ਨੂੰ ਬਾਹਰ ਕੱਢਿਆ। ਇਸ ਦੌਰਾਨ ਪੂਰੀ ਗੱਡੀ ਅੱਗ ਦੀ ਲਪੇਟ ਵਿੱਚ ਆ ਗਈ। ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚੀ ਤੇ ਅੱਗ ਬੁਝਾ ਦਿੱਤੀ। ਸੀਕਰੀ ਪੁਲੀਸ ਸਟੇਸ਼ਨ ਦੇ ਏ ਐੱਸ ਆਈ ਨਰਿੰਦਰ ਨੇ ਦੱਸਿਆ ਕਿ ਅੱਗ ਨਾਲ ਕੋਈ ਨੁਕਸਾਨ ਨਹੀਂ ਹੋਇਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।ਸੀ.ਐੱਨ.ਜੀ. ਲੀਕ ਹੋਣ ਕਾਰਨ ਡਰਾਈਵਰ ਜ਼ਿੰਦਾ ਸੜਿਆ
ਇਸ ਤੋਂ ਪਹਿਲਾਂ ਐਤਵਾਰ ਨੂੰ ਗ੍ਰੇਟਰ ਫਰੀਦਾਬਾਦ ਸੈਕਟਰ-84 ਵਿੱਚ ਇੱਕ ਡਰਾਈਵਰ ਜ਼ਿੰਦਾ ਸੜ ਗਿਆ ਸੀ ਜਦੋਂ ਸੀ.ਐੱਨ.ਜੀ. ਲੀਕ ਹੋਣ ਕਾਰਨ ਉਸ ਦੀ ਕਾਰ ਨੂੰ ਅੱਗ ਲੱਗ ਗਈ। ਮ੍ਰਿਤਕ ਦੀ ਪਛਾਣ ਫਰੀਦਾਬਾਦ ਦੀ ਭੂਪਾਣੀ ਕਲੋਨੀ ਦੇ ਰਹਿਣ ਵਾਲੇ ਅਜੈ ਵਜੋਂ ਹੋਈ। ਅੱਗ ਲੱਗਣ ਕਾਰਨ ਦਰਵਾਜ਼ੇ ਬੰਦ ਹੋ ਗਏ, ਜਿਸ ਕਾਰਨ ਅਜੈ ਬਾਹਰ ਨਹੀਂ ਨਿਕਲ ਸਕਿਆ।
Advertisement
Advertisement