ਗੁਰਮ ਦੇ ਮਜ਼ਦੂਰ ਪਰਿਵਾਰ ’ਤੇ ਡਿੱਗਿਆ ਦੁੱਖਾਂ ਦਾ ਪਹਾੜ
ਹਲਕੇ ਦੇ ਪਿੰਡ ਗੁਰਮ ਦੇ ਮਜ਼ਦੂਰ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ ਹੈ। ਜਿੱਥੇ ਮੌਜੂਦਾ ਸਮੇਂ ਘਰ ਦੀ ਛੱਤ ਡਿੱਗਣ ਨੂੰ ਤਿਆਰ ਹੈ, ਉਥੇ ਮਾਪਿਆਂ ਦੇ ਭਵਿੱਖ ਦਾ ਸਹਾਰਾ ਬਣਨ ਵਾਲੀਆਂ ਦੋਵੇਂ ਧੀਆਂ ਗੰਭੀਰ ਬਿਮਾਰੀ ਕਾਰਨ ਪਿਛਲੇ ਤਿੰਨ ਸਾਲਾਂ ਤੋਂ ਮੰਜੇ ’ਤੇ ਹਨ। ਪਰਿਵਾਰ ਧੀਆਂ ਦੇ ਲੱਖਾਂ ਰੁਪਏ ਦੇ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਹੋ ਚੁੱਕਿਆ ਹੈ। ਪਿੰਡ ਦਾ ਮਜ਼ਦੂਰ ਦਲਬਾਰਾ ਸਿੰਘ ਦਿਹਾੜੀ ਕਰਕੇ ਘਰ ਦਾ ਗੁਜ਼ਾਰਾ ਕਰਦਾ ਹੈ। ਉਸ ਦੀਆਂ ਦੋ ਧੀਆਂ ਹਰਪ੍ਰੀਤ ਕੌਰ (23) ਅਤੇ ਜੋਤੀ ਕੌਰ (18) ਦੇ ਗੁਰਦੇ ਖ਼ਰਾਬ ਹੋ ਚੁੱਕੇ ਹਨ। ਪਰਿਵਾਰ ਅਨੁਸਾਰ ਕਰੋਨਾ ਵੇਲੇ ਟੀਕੇ ਲਗਵਾਉਣ ਤੋਂ ਬਾਅਦ ਦੋਵੇਂ ਲੜਕੀਆਂ ਨੂੰ ਤੇਜ਼ ਬੁਖ਼ਾਰ ਹੋ ਗਿਆ ਅਤੇ ਲਗਾਤਾਰ ਸਿਹਤ ਵਿਗੜਦੀ ਗਈ। ਡਾਕਟਰਾਂ ਵਲੋਂ ਕਰਵਾਏ ਟੈਸਟ ਦੀਆਂ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਲੜਕੀਆਂ ਦੇ ਗੁਰਦਿਆਂ ਵਿੱਚ ਇਨਫੈਕਸ਼ਨ ਹੋ ਗਈ ਹੈ। ਪਰਿਵਾਰ ਮੁਖੀ ਦਲਬਾਰਾ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਵਰ੍ਹਿਆਂ ਤੋਂ ਲੜਕੀਆਂ ਦਾ ਇਲਾਜ ਬਠਿੰਡਾ ਦੇ ਨਿੱਜੀ ਹਸਪਤਾਲ ਤੋਂ ਹੋ ਰਿਹਾ ਹੈ ਅਤੇ ਲੜਕੀਆਂ ਦੀ ਹਰ ਚਾਰ ਦਿਨਾਂ ਬਾਅਦ ਡੈਲਸਿਸ ਹੁੰਦੀ ਹੈ। ਇੱਕ ਵਾਰ ਦਾ ਖ਼ਰਚਾ ਸਣੇ ਐਬੂਲੈਂਸ, ਦਵਾਈਆਂ ਅਤੇ ਡੈਲਸਿਸ 15 ਤੋਂ 20 ਹਜ਼ਾਰ ਰੁਪਏ ਦਾ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਸਭ ਕੁੱਝ ਵੇਚ ਵੱਟ ਕੇ ਲੜਕੀਆਂ ਦੇ ਇਲਾਜ ਲਈ ਖਰਚ ਚੁੱਕਿਆ ਹੈ। ਹੁਣ ਪਏ ਮੀਂਹਾਂ ਕਾਰਨ ਘਰ ਦੀਆਂ ਛੱਤਾਂ ਵੀ ਚੋਅ ਰਹੀਆਂ ਹਨ ਅਤੇ ਡਿੱਗਣ ਕਿਨਾਰੇ ਹਨ।
ਭਾਈ ਘਨੱਈਆ ਲੋਕ ਸੇਵਾ ਚੈਰੀਟੇਬਲ ਸੁਸਾਇਟੀ ਬਰਨਾਲਾ ਦੇ ਮੁਖੀ ਪਰਮਜੀਤ ਸਿੰਘ ਪੰਮਾ ਨੇ ਸਰਕਾਰ ਅਤੇ ਸਮਾਜ ਸੇਵੀ ਲੋਕਾਂ ਨੂੰ ਪਰਿਵਾਰ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।