Rajvir Jawanda ਨੂੰ ਨਮ ਅੱਖਾਂ ਨਾਲ ਵਿਦਾਈ
Rajvir Jawanda: ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿਚ ਸਸਕਾਰ ਕੀਤਾ ਗਿਆ। ਪ੍ਰਸ਼ੰਸਕਾਂ ਨੇ ਆਪਣੇ ਚਹੇਤੇ ਗਾਇਕ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿੱਤੀ। ਸਸਕਾਰ ਸਕੂਲ ਦੇ ਉਸੇ ਮੈਦਾਨ ਵਿਚ ਕੀਤਾ ਗਿਆ, ਜਿੱਥੇ ਰਾਜਵੀਰ ਬਚਪਨ ਵਿੱਚ ਖੇਡਿਆ ਕਰਦਾ ਸੀ ਅਤੇ ਆਪਣੇ ਪੇਸ਼ੇਵਰ ਕਰੀਅਰ ਦੌਰਾਨ ਉਸ ਨੇ ਇੱਕ ਸਟਾਰ ਪਰਫਾਰਮਰ ਵਜੋਂ ਕੰਸਰਟ ਵੀ ਕਰਵਾਏ ਸਨ। ਗਾਇਕ ਦੀਆਂ ਅੰਤਿਮ ਰਸਮਾਂ ਵਿਚ ਸੰਗੀਤ, ਫ਼ਿਲਮ ਤੇ ਕਲਾ ਜਗ਼ਤ ਦੀਆਂ ਨਾਮੀ ਹਸਤੀਆਂ ਸ਼ਾਮਲ ਹੋਈਆਂ।
ਜਵੰਦਾ 27 ਸਤੰਬਰ ਨੂੰ ਬੱਦੀ ਨੇੜੇ ਹੋਏ ਸੜਕ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋ ਗਿਆ ਸੀੇ ਉਹ ਪਿਛਲੇ 11 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਰਾਜਵੀਰ ਨੇ ਬੁੱਧਵਾਰ ਸਵੇਰੇ 10:55 ਵਜੇ ਆਖਰੀ ਸਾਹ ਲਏ। ਜਵੰਦਾ ਨਿਵਾਸ ਤੋਂ ਪਿੰਡ ਦੇ ਸਰਕਾਰੀ ਸਕੂਲ ਤੱਕ ਦੀ ਅੰਤਿਮ ਯਾਤਰਾ ਵਿਚ ਸੰਗੀਤ ਜਗਤ ਦੀਆਂ ਨਾਮਵਰ ਹਸਤੀਆਂ ਅਤੇ ਕਲਾ ਪ੍ਰੇਮੀਆਂ ਸਮੇਤ ਹਜ਼ਾਰਾਂ ਪ੍ਰਸ਼ੰਸਕ ਸ਼ਾਮਲ ਹੋਏ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਵੰਦਾ ਨਿਵਾਸ ਪਹੁੰਚ ਕੇ ਮਰਹੂਮ ਗਾਇਕ ਦੀ ਵਿਧਵਾ ਮਾਤਾ ਪਰਮਜੀਤ ਕੌਰ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਕੁਲਵਿੰਦਰ ਬਿੱਲਾ, ਬੱਬੂ ਮਾਨ, ਕੰਵਰ ਗਰੇਵਾਲ, ਪੁਖਰਾਜ ਭੱਲਾ, ਕਰਮਜੀਤ ਅਨਮੋਲ ਅਤੇ ਮਲਕੀਤ ਰੌਣੀ ਸਮੇਤ ਸੰਗੀਤ ਤੇ ਫ਼ਿਲਮ ਉਦਯੋਗ ਦੇ ਦਰਜਨਾਂ ਕਲਾਕਾਰਾਂ ਨੇ ਰਾਜਵੀਰ ਨੂੰ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸ਼ਰਧਾਂਜਲੀ ਭੇਟ ਕੀਤੀ।
ਲੁਧਿਆਣਾ (ਦਿਹਾਤੀ) ਜ਼ਿਲ੍ਹੇ ਵਿੱਚ ਕਾਂਸਟੇਬਲ ਵਜੋਂ ਸੇਵਾ ਦੌਰਾਨ ਰਾਜਵੀਰ ਜਵੰਦਾ ਨਾਲ ਕੰਮ ਕਰਨ ਵਾਲੇ ਕੁਝ ਪੁਲੀਸ ਮੁਲਾਜ਼ਮਾਂ ਨੂੰ ਗਾਇਕ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਭਾਵਨਾਤਮਕ ਸਾਂਝ ਪਾਉਂਦੇ ਦੇਖਿਆ ਗਿਆ।
ਡੀਐਸਪੀ (ਡੀ) ਇੰਦਰਜੀਤ ਸਿੰਘ ਬੋਪਾਰਾਏ ਨੇ ਰਾਜਵੀਰ ਦੇ ਸੰਗੀਤ ਪ੍ਰਤੀ ਪਿਆਰ ਤੋਂ ਇਲਾਵਾ ਨੌਕਰੀ ਪ੍ਰਤੀ ਉਸ ਦੀ ਵਚਨਬੱਧਤਾ ਨੂੰ ਯਾਦ ਕੀਤਾ। ਬੋਪਾਰਾਏ ਨੇ ਕਿਹਾ, ‘‘ਰਾਜਵੀਰ ਅਤੇ ਉਸ ਦੇ ਸਵਰਗੀ ਪਿਤਾ ਕਰਮ ਸਿੰਘ ਨੇ ਲੁਧਿਆਣਾ (ਦਿਹਾਤੀ) ਜ਼ਿਲ੍ਹੇ ਵਿੱਚ ਮੇਰੇ ਨਾਲ ਕੰਮ ਕੀਤਾ ਸੀ ਅਤੇ ਦੋਵੇਂ ਪੁਲੀਸ ਕਰਮਚਾਰੀਆਂ ਵਜੋਂ ਆਪਣੀਆਂ ਨੌਕਰੀਆਂ ਪ੍ਰਤੀ ਸਮਰਪਿਤ ਸਨ।’’
ਬੁੱਧਵਾਰ ਦੇਰ ਸ਼ਾਮ ਜਦੋਂ ਗਾਇਕ Rajvir Jawanda ਦੀ ਮ੍ਰਿਤਕ ਦੇਹ ਪਹੁੰਚੀ ਤਾਂ ਜਵੰਦਾ ਪਰਿਵਾਰ ਦੇ ਮੈਂਬਰਾਂ ਸਮੇਤ ਦੋਸਤ ਅਤੇ ਰਿਸ਼ਤੇਦਾਰ ਕੋਠੇ ਪੋਨਾ ਪਹੁੰਚ ਗਏ ਸਨ। ਰਾਜਵੀਰ ਦੀ ਮਾਂ ਪਰਮਜੀਤ ਕੌਰ, ਜਿਸ ਨੂੰ ਪਿੰਡ ਵਿੱਚ ਸਰਪੰਚ ਕਿਹਾ ਜਾਂਦਾ ਹੈ, ਦਾ ਰੋ ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਦੇ ਪਤੀ ਕਰਮ ਸਿੰਘ, ਜੋ ਕਿ ਪੰਜਾਬ ਪੁਲੀਸ ਵਿੱਚ ਏਐਸਆਈ ਸਨ, ਦੀ ਵੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ।