ਕਾਰ ਚਲਾਉਣਾ ਸਿੱਖ ਰਹੀ ਕੁੜੀ ਤੋਂ ਬੇਕਾਬੂ ਹੋਇਆ ਵਾਹਨ
ਫੇਟ ਵੱਜਣ ਕਾਰਨ ਸਾੲੀਕਲ ਸਵਾਰ ਜ਼ਖ਼ਮੀ; ਭਾਜਪਾ ਆਗੂ ਕਾਲੀਆ ਦੀ ਕਾਰ ਨੁਕਸਾਨੀ
Advertisement
ਸੈਂਟਰਲ ਟਾਊਨ ਇਲਾਕੇ ’ਚ ਅੱਜ ਸਵੇਰੇ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਹਾਦਸਾ ਵਾਪਰਿਆ। ਇਸ ਹਾਦਸੇ ’ਚ ਕਾਲੀਆ ਦਾ ਘਰ ਅਤੇ ਨਿੱਜੀ ਕਾਰ ਨੁਕਸਾਨੀ ਗਈ ਜਦੋਂਕਿ ਅਖਬਾਰ ਵੰਡਣ ਵਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸਵੇਰੇ ਸਵਾ ਸੱਤ ਵਜੇ ਦੇ ਕਰੀਬ ਵਾਪਰੀ।ਜਾਣਕਾਰੀ ਅਨੁਸਾਰ 18 ਸਾਲਾ ਕੁੜੀ ਕਾਰ ਚਲਾਉਣਾ ਸਿੱਖ ਰਹੀ ਸੀ। ਇਸ ਦੌਰਾਨ ਉਸ ਨੇ ਕਾਰ ਨੂੰ ਪਿੱਛੇ ਮੋੜਦੇ ਸਮੇਂ ਅਖਬਾਰਾਂ ਵੰਡਣ ਜਾ ਰਹੇ ਦੀਪਕ ਨਾਮ ਦੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਨੌਜਵਾਨ ਨੂੰ ਤੁਰੰਤ ਸਿਵਲ ਹਸਪਤਾਲ ਜਲੰਧਰ ’ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਹੈ।
ਪੀੜਤ ਦੀਪਕ ਨੇ ਦੱਸਿਆ ਕਿ ਉਹ ਆਪਣੀ ਸਾਈਕਲ ’ਤੇ ਅਖਬਾਰ ਵੰਡਣ ਜਾ ਰਿਹਾ ਸੀ, ਇਸੇ ਦੌਰਾਨ ਪਿੱਛਿਓਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰੀ। ਇਸ ਮਗਰੋਂ ਕਾਰ ਸਾਬਕਾ ਮੰਤਰੀ ਕਾਲੀਆ ਦੀ ਕਾਰ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਲੀਆ ਦੀ ਕਾਰ ਨੁਕਸਾਨੀ ਗਈ ਅਤੇ ਘਰ ਦੇ ਬਾਹਰੀ ਹਿੱਸੇ ਨੂੰ ਵੀ ਨੁਕਸਾਨ ਪਹੁੰਚਿਆ। ਮਨੋਰੰਜਨ ਕਾਲੀਆ ਨੇ ਦੱਸਿਆ ਕਿ ਇਹ ਕਾਰ ਉਨ੍ਹਾਂ ਨੇ ਕੁਝ ਮਹੀਨੇ ਪਹਿਲਾਂ ਹੀ ਖਰੀਦੀ ਸੀ, ਕਿਉਂਕਿ ਪਿਛਲੀ ਕਾਰ ਗ੍ਰਨੇਡ ਹਮਲੇ ’ਚ ਨੁਕਸਾਨੀ ਗਈ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ-3 ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਜਾਂਚ ਅਧਿਕਾਰੀ ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਾਦਸਾ ਕੁੜੀ ਦੀ ਘਬਰਾਹਟ ਕਾਰਨ ਹੋਇਆ। ਕਾਰ ਬੈਕ ਕਰਨ ਤੋਂ ਬਾਅਦ ਉਸ ਨੇ ਐਕਸੀਲੇਟਰ ਦਬਾ ਦਿੱਤਾ, ਜਿਸ ਨਾਲ ਗੱਡੀ ਦੁਬਾਰਾ ਘਰ ਤੇ ਕਾਰ ਨਾਲ ਜਾ ਟਕਰਾਈ। ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement