ਦੀਵਾਲੀ ਵਾਲੀ ਰਾਤ ਬਠਿੰਡਾ ਵਿਚ ਬੋਰੀਆਂ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗੀ
ਬਠਿੰਡਾ ਦੇ ਪਾਰਸ ਰਾਮ ਨਗਰ ਇਲਾਕੇ ਵਿਚ ਦੀਵਾਲੀ ਵਾਲੀ ਰਾਤ ਗਲੀ ਨੰਬਰ 37 ਵਿੱਚ ਬੋਰੀਆਂ ਬਣਾਉਣ ਵਾਲੀ ਇਕਾਈ ਵਿੱਚ ਭਿਆਨਕ ਅੱਗ ਲੱਗਣ ਤੋਂ ਬਾਅਦ ਦਹਿਸ਼ਤ ਫੈਲ ਗਈ। ਅੱਗ ਤੇਜ਼ੀ ਨਾਲ ਫੈਲ ਗਈ ਤੇ ਕੁਝ ਹੀ ਮਿੰਟਾਂ ਵਿੱਚ ਪੂਰੀ ਫੈਕਟਰੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੇ ਫੈਕਟਰੀ ਦੇ ਅਹਾਤੇ ਵਿੱਚੋਂ ਧੂੰਏਂ ਦੇ ਸੰਘਣੇ ਗੁਬਾਰ ਅਤੇ ਭਿਆਨਕ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਅਤੇ ਤੁਰੰਤ ਮਦਦ ਲਈ ਦੌੜੇ। ਸਥਾਨਕ ਲੋਕਾਂ ਨੇ ਸ਼ੁਰੂ ਵਿੱਚ ਉਪਲਬਧ ਸਰੋਤਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ ਕਿਉਂਕਿ ਅੱਗ ਤੇਜ਼ੀ ਨਾਲ ਫੈਲਦੀ ਗਈ।
ਸਥਾਨਕ ਲੋਕਾਂ ਵੱਲੋਂ ਸੁਚੇਤ ਕੀਤੇ ਜਾਣ ’ਤੇ ਫਾਇਰ ਵਿਭਾਗ ਹਰਕਤ ਵਿੱਚ ਆਇਆ ਅਤੇ ਕਈ ਫਾਇਰ ਟੈਂਡਰ ਮੌਕੇ ’ਤੇ ਭੇਜੇ। ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਸਨ, ਅਤੇ ਅੱਗ ਬੁਝਾਊ ਅਮਲਾ ਅੱਗ ਨੂੰ ਕਾਬੂ ਕਰਨ ਅਤੇ ਇਸ ਨੂੰ ਨਾਲ ਲੱਗਦੀਆਂ ਇਮਾਰਤਾਂ ਵਿੱਚ ਫੈਲਣ ਤੋਂ ਰੋਕਣ ਲਈ ਮੁਸ਼ੱਕਤ ਕਰਦਾ ਰਿਹਾ।
ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਯੂਨਿਟ ਅੰਦਰ ਸਟੋਰ ਕੀਤੀ ਗਈ ਕਾਫ਼ੀ ਮਾਤਰਾ ਵਿੱਚ ਸਮੱਗਰੀ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਕਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਪੁਲੀਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ ਅਤੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।