ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ’ਚ ਹਰ ਦੋ ਦਿਨਾਂ ’ਚ ਹੋ ਰਿਹਾ ਹੈ ਇਕ ਮੁਕਾਬਲਾ

ਤਿੰਨ ਮਹੀਨਿਆਂ ਵਿੱਚ 41 ਮੁਕਾਬਲੇ ; ਪੁਲੀਸ ਦੇ ਹਮਲਾਵਰ ਰਵੱਈਏ ’ਤੇ ਸਵਾਲ ਉੱਠਣ ਲੱਗੇ
Advertisement

ਜੁਪਿੰਦਰਜੀਤ ਸਿੰਘ

ਚੰਡੀਗੜ੍ਹ, 1 ਅਪਰੈਲ

Advertisement

ਪੰਜਾਬ ’ਚ ਕੁਝ ਸਮੇਂ ਤੋਂ ਅਪਰਾਧੀਆਂ ਖਾਸ ਕਰਕੇ ਗੈਂਗਸਟਰਾਂ ਨਾਲ ਮੁਕਾਬਲਿਆਂ ’ਚ ਲਗਾਤਾਰ ਵਾਧਾ ਦਰਜ ਹੋਇਆ ਹੈ। ‘ਦਿ ਟ੍ਰਿਬਿਊਨ’ ਵੱਲੋਂ ਇਕੱਤਰ ਕੀਤੇ ਅੰਕੜਿਆਂ ਮੁਤਾਬਕ ਮੌਜੂਦਾ ਵਰ੍ਹੇ ਜਨਵਰੀ ਤੋਂ ਲੈ ਕੇ 31 ਮਾਰਚ ਤੱਕ 41 ਪੁਲੀਸ ਮੁਕਾਬਲੇ ਹੋਏ ਹਨ ਜੋ ਪਿਛਲੇ ਸਾਲ ਹੋਏ ਕੁੱਲ 64 ਮੁਕਾਬਲਿਆਂ ਨਾਲੋਂ ਕਿਤੇ ਜ਼ਿਆਦਾ ਹਨ। ਹਾਲੇ ਤੱਕ ਕਿਸੇ ਵੀ ਪੀੜਤ ਦੇ ਪਰਿਵਾਰ ਨੇ ਜਨਤਕ ਤੌਰ ’ਤੇ ਮੁਕਾਬਲਿਆਂ ਉਪਰ ਨਾ ਸਵਾਲ ਖੜ੍ਹੇ ਕੀਤੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਫਰਜ਼ੀ ਦੱਸਿਆ ਹੈ। ਤਕਰੀਬਨ ਦੋ ਦਿਨਾਂ ’ਚ ਇਕ ਮੁਕਾਬਲਾ ਹੋ ਰਿਹਾ ਹੈ ਜਿਥੋਂ ਪਤਾ ਲਗਦਾ ਹੈ ਕਿ ਪੁਲੀਸ ਨੂੰ ਸੂਬਾ ਸਰਕਾਰ ਅਤੇ ਸਿਖਰਲੇ ਅਧਿਕਾਰੀਆਂ ਦੀ ਪ੍ਰਵਾਨਗੀ ਮਿਲੀ ਹੋ ਸਕਦੀ ਹੈ। ਹਾਲੀਆ ਦੋ ਘਟਨਾਵਾਂ ਦੌਰਾਨ ਅੰਮ੍ਰਿਤਸਰ ਵਿੱਚ ਹੱਤਿਆ ਦਾ ਇਕ ਮੁਲਜ਼ਮ ਅਤੇ ਪਟਿਆਲਾ ’ਚ ਇਕ ਅਗ਼ਵਾਕਾਰ ਪੁਲੀਸ ਗੋਲੀਬਾਰੀ ’ਚ ਮਾਰੇ ਗਏ। ਇਨ੍ਹਾਂ ਤੋਂ ਇਲਾਵਾ ਪੁਲੀਸ ਨਾਲ ਮੁਕਾਬਲਿਆਂ ਦੌਰਾਨ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਕਾਤਲਾਂ ਸਮੇਤ ਕਰੀਬ 45 ਅਪਰਾਧੀਆਂ ਦੀਆਂ ਲੱਤਾਂ ’ਤੇ ਗੋਲੀਆਂ ਲੱਗੀਆਂ ਹਨ। ਇਨ੍ਹਾਂ ਘਟਨਾਵਾਂ ਤੋਂ ਇਕ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਪੰਜਾਬ ਪੁਲੀਸ ਨੇ ਜੁਰਮ ਖ਼ਿਲਾਫ਼ ਤਿੱਖਾ ਰੁਖ਼ ਅਪਣਾਇਆ ਹੈ ਪਰ ਸੱਤਾ ਦੀ ਸੰਭਾਵੀ ਦੁਰਵਰਤੋਂ ਦਾ ਖ਼ਤਰਾ ਵੀ ਵਧ ਗਿਆ ਹੈ। ਇੰਜ ਜਾਪਦਾ ਹੈ ਕਿ ਮੁਕਾਬਲਿਆਂ ਦਾ ਅਧਿਕਾਰ ਮਿਲਣ ਕਾਰਨ ਪਿਛਲੇ ਮਹੀਨੇ ਪਟਿਆਲਾ ’ਚ ਥਲ ਸੈਨਾ ਦੇ ਕਰਨਲ ਅਤੇ ਉਸ ਦੇ ਪੁੱਤਰ ਦੀ ਕਰੀਬ 12 ਪੁਲੀਸ ਕਰਮੀਆਂ ਵੱਲੋਂ ਕੁੱਟਮਾਰ ਕਰਨ ਨਾਲ ਵਧੀਕੀਆਂ ਵਧ ਗਈਆਂ ਹਨ। ਇਸ ਘਟਨਾ ’ਚ ਸ਼ਾਮਲ ਪੁਲੀਸ ਕਰਮੀਆਂ ਨੇ ਖੰਨਾ ਦੇ ਪਿੰਡ ਸ਼ੀਹਾਂ ਦੌਦ ’ਚ ਸੱਤ ਸਾਲ ਦੇ ਬੱਚੇ ਨੂੰ ਅਗਵਾਕਾਰ ਜਸਪ੍ਰੀਤ ਸਿੰਘ ਦਾ ਮੁਕਾਬਲਾ ਕਰਕੇ ਸਫ਼ਲਤਾਪੂਰਵਕ ਬਚਾਇਆ ਸੀ। ਉਂਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਬਾਹਰ ਇਕ ਢਾਬੇ ’ਤੇ ਵਾਹਨ ਪਾਰਕਿੰਗ ਨੂੰ ਲੈ ਕੇ ਹੋਈ ਬਹਿਸ ਮਗਰੋਂ ਫੌਜੀ ਅਧਿਕਾਰੀ ਦੀ ਕੁੱਟਮਾਰ ਕਾਰਨ ਇਨ੍ਹਾਂ ਪੁਲੀਸ ਕਰਮੀਆਂ ਦੇ ਅਕਸ ’ਤੇ ਅਸਰ ਪਿਆ ਅਤੇ ਤਰੱਕੀ ਤੇ ਪੁਰਸਕਾਰ ਮਿਲਣ ਦੀ ਬਹੁਤੀ ਸੰਭਾਵਨਾ ਨਹੀਂ ਰਹੀ। ਮਨੁੱਖੀ ਹੱਕਾਂ ਬਾਰੇ ਕਾਰਕੁਨ ਨਵਕਿਰਨ ਸਿੰਘ ਨੇ ਪੁਲੀਸ ਨੂੰ ਮੁਕਾਬਲਿਆਂ ਲਈ ਦਿੱਤੀਆਂ ਖੁੱਲ੍ਹੀਆਂ ਤਾਕਤਾਂ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ, ‘‘ਵਿਸ਼ੇਸ਼ ਅਧਿਕਾਰ ਮਿਲਣ ਨਾਲ ਵਿਅਕਤੀ ਕਾਨੂੰਨ ਆਪਣੇ ਹੱਥਾਂ ’ਚ ਲੈ ਲੈਂਦਾ ਹੈ। ਪੰਜਾਬ ’ਚ ਫ਼ਰਜ਼ੀ ਮੁਕਾਬਲਿਆਂ ਦਾ ਇਤਿਹਾਸ ਰਿਹਾ ਹੈ। ਇਹ ਖ਼ਤਰਨਾਕ ਰੁਝਾਨ ਹੈ ਜੋ ਕਾਨੂੰਨ ਦੇ ਰਾਜ ਨੂੰ ਕਮਜ਼ੋਰ ਬਣਾਉਂਦਾ ਹੈ। ਜੇ ਇਸ ਰੁਝਾਨ ਨੂੰ ਠੱਲ੍ਹ ਨਾ ਪਈ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਬੇਕਸੂਰ ਵਿਅਕਤੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।’’ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਨੂੰ ਲਗਾਤਾਰ ਹਮਾਇਤ ਦੇ ਰਹੇ ਲੈਫ਼ਟੀਨੈਂਟ ਜਨਰਲ ਕੇਜੇਐੱਸ ‘ਟਾਈਨੀ’ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਫੌਜ ਅਤੇ ਪੁਲੀਸ ਨਾਲ ਮਿਲ ਕੇ ਕਈ ਅਪਰੇਸ਼ਨਾਂ ਨੂੰ ਅੰਜਾਮ ਦਿੱਤਾ ਹੈ ਪਰ ਪਟਿਆਲਾ ’ਚ ਜੋ ਕੁਝ ਵਾਪਰਿਆ ਹੈ, ਉਹੋ ਜਿਹੀ ਘਟਨਾ ਉਨ੍ਹਾਂ ਨੂੰ ਯਾਦ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮੁਕਾਬਲਿਆਂ ਬਾਰੇ ਤਾਂ ਕੋਈ ਟਿੱਪਣੀ ਨਹੀਂ ਕਰਨਗੇ ਪਰ ਇੰਨਾ ਜ਼ਰੂਰ ਆਖਣਗੇ ਕਿ ਕਿਸੇ ਅਧਿਕਾਰੀ ਜਾਂ ਆਮ ਨਾਗਰਿਕ ’ਤੇ ਪੁਲੀਸ ਵੱਲੋਂ ਹਮਲਾ ਕਰਨਾ ਜਾਇਜ਼ ਨਹੀਂ ਹੈ।

(ਪੀਕੇ ਜੈਸਵਾਰ, ਅਵਨੀਤ ਕੌਰ, ਅਪਰਣਾ ਬੈਨਰਜੀ, ਨਿਖਿਲ ਭਾਰਦਵਾਜ, ਬਲਵੰਤ ਗਰਗ, ਸੁਸ਼ੀਲ ਗੋਇਲ, ਸੁਖਮੀਤ ਭਸੀਨ ਤੇ ਅਮਨ ਸੂਦ ਦੇ ਸਹਿਯੋਗ ਨਾਲ)

ਮਸ਼ਕੂਕਾਂ ਵੱਲੋਂ ਗੋਲੀਆਂ ਚਲਾਉਣ ’ਤੇ ਜਵਾਬ ਦੇਣਾ ਪੈਂਦੈ: ਡੀਜੀਪੀ

ਮੁਕਾਬਲਿਆਂ ਦੀ ਵਧ ਰਹੀ ਗਿਣਤੀ ਬਾਰੇ ਪੁੱਛਣ ’ਤੇ ਡੀਜੀਪੀ ਗੌਰਵ ਯਾਦਵ ਨੇ ਕਿਹਾ, ‘‘ਪੁਲੀਸ ਅਪਰੇਸ਼ਨਾਂ ਦੌਰਾਨ ਅਪਰਾਧੀਆਂ ਨੂੰ ਸਰੀਰਕ ਤੌਰ ’ਤੇ ਨੁਕਸਾਨ ਪਹੁੰਚਾਏ ਜਾਣ ਦੀ ਕੋਈ ਨੀਤੀ ਨਹੀਂ ਹੈ। ਉਂਜ ਪੁਲੀਸ ’ਤੇ ਹਥਿਆਰਬੰਦ ਮਸ਼ਕੂਕਾਂ ਵੱਲੋਂ ਗੋਲੀਆਂ ਚਲਾਉਣ ’ਤੇ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਹੈ। ਹਾਲੀਆ ਮੁਕਾਬਲਿਆਂ ’ਚ ਅਪਰਾਧੀਆਂ ਨੇ ਪਹਿਲਾਂ ਗੋਲੀਆਂ ਚਲਾਈਆਂ ਹਨ। ਫਿਰ ਵੀ ਸਾਡੀਆਂ ਟੀਮਾਂ ਨੇ ਸੰਜਮ ਵਰਤਿਆ ਅਤੇ ਉਨ੍ਹਾਂ ਸਿਰਫ਼ ਲੱਤਾਂ ’ਤੇ ਨਿਸ਼ਾਨਾ ਲਾਇਆ ਤਾਂ ਜੋ ਉਹ ਫ਼ਰਾਰ ਨਾ ਹੋ ਸਕਣ।’’

Advertisement
Show comments