ਹੀਰੋ ਹੋਮਜ਼ ਪ੍ਰਾਜੈਕਟ ਦੇ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਵਿਰੁੱਧ ਧੋਖਾਧੜੀ ਦਾ ਕੇਸ ਦਰਜ
2 ਕਰੋੜ 41 ਲੱਖ ਰੁਪਏ ਲੈ ਕੇ ਫਲੈਟ ਨਾ ਦੇਣ ਦਾ ਦੋਸ਼, ਸਰਾਭਾ ਨਗਰ ਪੁਲੀਸ ਥਾਣੇ ਵਿੱਚ ਦਰਜ ਹੋਇਆ ਕੇਸ
Advertisement
ਲੁਧਿਆਣਾ ਪੁਲੀਸ ਨੇ ਸ਼ਹਿਰ ਦੇ ਨਾਮੀ ਉਦਯੋਗਪਤੀ ਤੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡਮ ਦੇ ਡਾਇਰੈਟਰ ਸੁਨੀਲ ਕਾਂਤ ਮੁੰਜਾਲ ਅਤੇ ਹੀਰੋ ਹੋਮਜ਼ ਪ੍ਰਾਜੈਕਟ ਦੇ ਸੇਲਜ਼ ਹੈਡ ਨਿਖਿਲ ਜੈਨ ਦੇ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਹ ਕੇਸ ਥਾਣਾ ਸਰਾਭਾ ਨਗਰ ਵਿੱਚ ਦਰਜ ਕੀਤਾ ਗਿਆ ਹੈ। ਜਿਸ ਵਿੱਚ ਮਾਧੋਪੁਰੀ ਇਲਾਕੇ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਕੋਲੋਂ 2 ਕਰੋੜ 41 ਲੱਖ ਰੁਪਏ ਲੈਣ ਦੇ ਬਾਵਜੂਦ ਫਲੈਟ ਨਹੀਂ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਲਗਾਤਾਰ ਸੰਪਰਕ ਦੇ ਬਾਵਜੂਦ ਸੁਨੀਲ ਕਾਂਤ ਮੁੰਜਾਲ ਤੇ ਉਨ੍ਹਾਂ ਦੀ ਕੰਪਨੀ ਨੇ ਉਸਦੇ ਨਾਲ ਧੋਖਾ ਕੀਤਾ। ਪੁਲੀਸ ਨੇ ਸ਼ਹਿਰ ਦੇ ਇਸ ਵੱਡੇ ਉਦਯੋਗਪਤੀ ਦੇ ਖ਼ਿਲਾਫ਼ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ ਤੇ ਫਿਲਹਾਲ ਪੁਲੀਸ ਨੇ ਇਸ ਮਾਮਲੇ
ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ। ਪਰ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਲੁਧਿਆਣਾ ਦੇ ਨਿਊ ਮਾਧੋਪੁਰੀ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਕਿਹਾ ਹੈ ਕਿ ਉਸ ਨੇ ਹੀਰੋ ਹੋਮਜ਼ ਲੁਧਿਆਣਾ ਪ੍ਰੋਜੈਕਟ ਵਿੱਚ ਕੰਪਨੀ ਤੋਂ ਚਾਰ ਫਲੈਟ ਖਰੀਦੇ ਸਨ। ਉਸ ਨੇ ਨਵੀਂ ਦਿੱਲੀ ਦੇ ਓਖਲਾ ਇੰਡਸਟਰੀਅਲ ਅਸਟੇਟ ਵਿੱਚ ਕੰਪਨੀ ਦੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡ ਦਫ਼ਤਰ ਨੂੰ ਲਗਪਗ 2 ਕਰੋੜ 41 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਕਈ ਸਾਲਾਂ ਦੇ ਬਾਵਜੂਦ ਕੰਪਨੀ ਨੇ ਉਸ ਨੂੰ ਚਾਰ ਫਲੈਟ ਨਹੀਂ ਦਿੱਤੇ।
ਉਨ੍ਹਾਂ ਕਿਹਾ ਹੈ ਕਿ ਕੰਪਨੀ ਵੱਲੋਂ ਮੰਗੀ ਪੂਰੀ ਰਾਸ਼ੀ ਦਿੱਤੀ ਗਈ, ਪਰ ਇਸ ਦੇ ਬਾਵਜੂਦ ਕੰਪਨੀ ਵੱਲੋਂ ਉਸ ਦੀ ਸੁਣਵਾਈ ਨਹੀਂ ਕੀਤੀ ਗਈ ਅਤੇ ਕੰਪਨੀ ਨੇ ਸਿੱਧੇ ਤੌਰ ’ਤੇ ਧੋਖਾ ਕੀਤਾ ਹੈ।
ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਇਸ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਕੇਸ ਦਰਜ ਕੀਤਾ ਗਿਆ ਹੈ, ਕਿਉਂਕਿ ਇਸ ਵਿੱਚ
ਹੀਰੋ ਗਰੁੱਪ ਦਾ ਪਰਿਵਾਰ ਸ਼ਾਮਲ ਹੈ। ਸੁਨੀਲ ਕਾਂਤ ਮੁੰਜਾਲ ਲੁਧਿਆਣਾ ਵਿੱਚ ਨਹੀਂ ਰਹਿੰਦੇ, ਪਰ ਉਨ੍ਹਾਂ ਦਾ ਸਾਉਥ ਸਿਟੀ ਇਲਾਕੇ ਵਿੱਚ ਹੀਰੋ ਹੋਮਜ਼ ਦੇ ਨਾਂ ’ਤੇ ਵੱਡਾ ਫਲੈਟਾਂ ਦਾ ਪ੍ਰਾਜੈਕਟ ਹੈ। ਜਿਸ ਵਿੱਚ ਫਲਿਤਾਸ਼ ਜੈਨ ਨੇ ਇਹ ਫਲੈਟ ਬੁੱਕ ਕਰਵਾਏ ਸਨ।
Advertisement
ਪੁਲੀਸ ਨੇ ਜਾਂਚ ਤੋਂ ਬਾਅਦ ਅੱਜ ਇਸ ਮਾਮਲੇ ਵਿੱਚ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਤੇ ਸੇਲਜ਼ ਹੈੱਡ ਨਿਖਿਲ ਜੈਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
