ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਬਾਲਾ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਨੂੰ ਅੱਗ ਲੱਗੀ

ਜਾਨੀ ਨੁਕਸਾਨ ਤੋਂ ਬਚਾਅ; ਅੱਗ ਦਾ ਪਤਾ ਲੱਗਣ ’ਤੇ ਡਰਾਈਵਰ ਨੇ ਸਵਾਰੀਆਂ ੳੁਤਾਰੀਆਂ
ਜ਼ੀਰਕਪੁਰ ਵਿੱਚ ਬੱਸ ’ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਅਤੇ ਧੂੰਆਂ। -ਫੋਟੋ: ਰੂਬਲ
Advertisement

ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਸਿੰਘਪੁਰਾ ਫਲਾਈਓਵਰ ’ਤੇ ਅੱਜ ਤੜਕੇ ਪ੍ਰਾਈਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਸਵਾਰੀਆਂ ਨੂੰ ਬਾਹਰ ਕੱਢ ਦਿੱਤਾ, ਜਿਸ ਸਦਕਾ ਵੱਡਾ ਹਾਦਸਾ ਟਲ ਗਿਆ। ਸੂਚਨਾ ਮਿਲਣ ’ਤੇ ਪੁੱਜੀ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ। ਹਾਦਸੇ ਵਿੱਚ ਬੱਸ ਪੂਰੀ ਤਰ੍ਹਾਂ ਸੜ ਗਈ। ਹਾਦਸੇ ਮਗਰੋਂ ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਲੰਬਾ ਜਾਮ ਲੱਗ ਗਿਆ ਲੋਕ ਕਈ ਘੰਟੇ ਜਾਮ ’ਚ ਫਸੇ ਰਹੇ। ਟਰੈਫਿਕ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕੀਤਾ।

ਜਾਣਕਾਰੀ ਅਨੁਸਾਰ ਅੱਜ ਤੜਕੇ ਚਾਰ ਵਜੇ ਪ੍ਰਾਈਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਹੋਈ ਵੋਲਵੋ ਬੱਸ ਅੰਬਾਲਾ ਤੋਂ ਅੰਮ੍ਰਿਤਸਰ ਜਾ ਰਹੀ ਸੀ। ਇਸ ਦੌਰਾਨ ਬੱਸ ਜਦੋਂ ਜ਼ੀਰਕਪੁਰ ਦੇ ਸਿੰਘਪੁਰਾ ਫਲਾਈਓਵਰ ’ਤੇ ਪੁੱਜੀ ਤਾਂ ਡਰਾਈਵਰ ਨੇ ਬੱਸ ਵਿੱਚੋਂ ਧੂੰਆਂ ਨਿਕਲਦਾ ਦੇਖਿਆ। ਉਸ ਨੇ ਤੁਰੰਤ ਹੇਠਾਂ ਉੱਤਰ ਕੇ ਦੇਖਿਆ ਤਾਂ ਧੂੰਏਂ ਦੇ ਨਾਲ-ਨਾਲ ਚਿੰਗਾੜੀਆਂ ਵੀ ਨਿਕਲ ਰਹੀਆਂ ਸਨ। ਉਸ ਨੇ ਤੁਰੰਤ ਸਵਾਰੀਆਂ ਨੂੰ ਬਾਹਰ ਨਿਕਲਣ ਲਈ ਕਿਹਾ। ਸਵਾਰੀਆਂ ਦੇ ਉੱਤਰਦੇ ਹੀ ਬੱਸ ਨੂੰ ਅੱਗ ਲੱਗ ਗਈ, ਕੁਝ ਮਿੰਟਾਂ ਵਿੱਚ ਹੀ ਪੂਰੀ ਬੱਸ ਅੱਗ ਦੀ ਲਪੇਟ ਵਿੱਚ ਆ ਗਈ। ਰਾਹਗੀਰਾਂ ਨੇ ਤੁਰੰਤ ਇਸ ਦੀ ਜਾਣਕਾਰੀ ਫਾਇਰ ਬ੍ਰਿਗੇਡ ਨੂੰ ਦਿੱਤੀ। ਫਾਇਰ ਬ੍ਰਿਗੇਡ ਵੱਲੋਂ ਡੇਰਾਬੱਸੀ ਅਤੇ ਜ਼ੀਰਕਪੁਰ ਤੋਂ ਇੱਕ-ਇੱਕ ਗੱਡੀ ਭੇਜੀ ਗਈ। ਫਾਇਰ ਮੁਲਾਜ਼ਮਾਂ ਨੇ ਕਰੀਬ ਅੱਧੇ ਘੰਟੇ ਵਿੱਚ ਅੱਗ ਬੁਝਾਈ। ਪੁਲੀਸ ਨੇ ਇੱਕ ਪਾਸੇ ਦੀ ਆਵਜਾਈ ਨੂੰ ਬੰਦ ਕਰਵਾ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ’ਚ ਮਦਦ ਕੀਤੀ। ਇਥੇ ਆਵਾਜਾਈ ਬੰਦ ਹੋਣ ਨਾਲ ਚੰਡੀਗੜ੍ਹ-ਅੰਬਾਲਾ ਸ਼ਾਹਰਾਹ ’ਤੇ ਜਾਮ ਲੱਗ ਗਿਆ। ਕਰੀਬ ਇੱਕ ਘੰਟੇ ਬਾਅਦ ਬੱਸ ਨੂੰ ਪਾਸੇ ਹਟਾ ਕੇ ਆਵਾਜਾਈ ਬਹਾਲ ਕੀਤੀ ਗਈ।

Advertisement

ਫਾਇਰ ਅਫ਼ਸਰ ਜਸਵੰਤ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਤੁਰੰਤ ਘਟਨਾ ਸਥਾਨ ’ਤੇ ਪਹੁੰਚ ਕੇ ਅੱਗ ਬੁਝਾਉਣ ਲਈ ਯਤਨ ਸ਼ੁਰੂ ਕੀਤੇ ਗਏ। ਅੱਗ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਬੱਸ ਪੂਰੀ ਤਰ੍ਹਾਂ ਸੜ ਗਈ ਹੈ। ਅੱਗ ਦੇ ਕਾਰਨ ਹਾਲੇ ਸਪਸ਼ਟ ਨਹੀਂ ਹੋਏ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

Advertisement
Show comments