ਪੰਜਾਬ ਦੇ 984 ਸਰਕਾਰੀ ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ
ਪੰਜਾਬ ਵਿੱਚ 1,927 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚੋਂ ਸਿਰਫ਼ 943 ਸਕੂਲਾਂ ਵਿੱਚ ਹੀ ਪੱਕੇ ਪ੍ਰਿੰਸੀਪਲ ਤਾਇਨਾਤ ਹਨ, ਬਾਕੀ ਰਹਿੰਦੇ 984 ਸਕੂਲਾਂ ਵਿੱਚ ਆਲੇ-ਦੁਆਲੇ ਦੇ ਸਕੂਲਾਂ ਦੇ ਮੁਖੀਆਂ ਨੂੰ ਹੀ ਪ੍ਰਿੰਸੀਪਲਾਂ ਦੇ ਚਾਰਜ ਦਿੱਤੇ ਹੋਏ ਹਨ। ਇਹ ਦਾਅਵਾ ਅਧਿਆਪਕ ਜਥੇਬੰਦੀ ‘ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ, ਪੰਜਾਬ’ ਦੇ ਸੂਬਾ ਪ੍ਰਧਾਨ ਦਿਗਵਿਜੈਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਕੀਤਾ। ਉਨ੍ਹਾਂ ਅੰਕੜੇ ਜਾਰੀ ਕਰਦਿਆਂ ਦੱਸਿਆ ਕਿ ਮਾਨਸਾ ਵਿੱਚ 73 ਵਿੱਚੋਂ 60, ਫਰੀਦਕੋਟ ਵਿੱਚ 42 ਵਿੱਚੋਂ 30, ਫ਼ਤਿਹਗੜ੍ਹ ਸਾਹਿਬ ਵਿੱਚ 44 ਵਿੱਚੋਂ 16, ਫ਼ਿਰੋਜ਼ਪੁਰ ਵਿੱਚ 64 ਵਿੱਚੋਂ 36, ਕਪੂਰਥਲਾ ਵਿੱਚ 62 ਵਿੱਚੋਂ 44, ਮੋਗਾ ’ਚ 84 ਵਿੱਚੋਂ 58, ਬਠਿੰਡਾ ’ਚ 129 ਵਿੱਚੋਂ 80, ਲੁਧਿਆਣਾ ’ਚ 181 ਵਿੱਚੋਂ 77, ਮੁਕਤਸਰ ਸਾਹਿਬ ਵਿੱਚ 88 ਵਿੱਚੋਂ 32, ਸ਼ਹੀਦ ਭਗਤ ਸਿੰਘ ਨਗਰ ਵਿੱਚ 52 ਵਿੱਚੋਂ 35, ਹੁਸ਼ਿਆਰਪੁਰ ਵਿੱਚ 130 ਵਿੱਚੋਂ 59, ਪਟਿਆਲਾ ਵਿੱਚ 109 ਵਿੱਚੋਂ 25, ਸੰਗਰੂਰ ਵਿੱਚ 95 ਵਿੱਚੋਂ 65, ਬਰਨਾਲਾ ਵਿੱਚ 47 ਵਿੱਚੋਂ 36, ਰੂਪਨਗਰ ਵਿੱਚ 55 ਵਿੱਚੋਂ 18, ਅੰਮ੍ਰਿਤਸਰ ਵਿੱਚ 119 ਵਿੱਚੋਂ 46, ਤਰਨਤਾਰਨ ਵਿੱਚ 77 ਵਿੱਚੋਂ 55, ਗੁਰਦਾਸਪੁਰ ਵਿੱਚ 117 ਵਿੱਚੋਂ 60, ਪਠਾਨਕੋਟ ਵਿੱਚ 47 ਵਿੱਚੋਂ 18, ਜਲੰਧਰ ਵਿੱਚ 159 ਵਿੱਚੋਂ 95, ਮੁਹਾਲੀ ਵਿੱਚ 47 ਵਿੱਚੋਂ 3, ਫ਼ਾਜ਼ਿਲਕਾ ਵਿੱਚ 79 ਵਿੱਚੋਂ 21 ਅਤੇ ਮਾਲੇਰਕੋਟਲਾ ਵਿੱਚ 27 ਵਿੱਚੋਂ 15 ਸਕੂਲਾਂ ਦੇ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ।
ਡੀ.ਟੀ.ਐੱਫ਼. ਆਗੂਆਂ ਨੇ ਸਰਕਾਰ ਤੋ ਮੰਗ ਕੀਤੀ ਕਿ ਸਰਕਾਰ 75 ਫ਼ੀਸਦੀ ਪ੍ਰਮੋਸ਼ਨ ਕੋਟੇ ਦੀਆਂ ਤਰੱਕੀਆਂ ਤੁਰੰਤ ਕਰ ਕੇ ਇਨ੍ਹਾਂ ਸਕੂਲਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ ਅਤੇ ਪੀ.ਪੀ.ਐੱਸ.ਸੀ. ਰਾਹੀਂ ਸਿੱਧੀ ਭਰਤੀ ਦੇ 25 ਫ਼ੀਸਦੀ ਕੋਟੇ ਦੀ ਭਰਤੀ ਦਾ ਇਸ਼ਤਿਹਾਰ ਵੀ ਤੁਰੰਤ ਜਾਰੀ ਕੀਤਾ ਜਾਵੇ।