ਕੈਨੇਡਾ ਲਿਜਾਣ ਦੇ ਨਾਂ ਹੇਠ 75 ਲੱਖ ਠੱਗੇ
ਸੰਤੋਖ ਗਿੱਲ
ਇੱਥੋਂ ਦੇ ਥਾਣਾ ਸਦਰ ਅਧੀਨ ਪਿੰਡ ਰਛੀਨ ਵਾਸੀ ਕੁਲਜੀਤ ਸਿੰਘ ਦੀ ਸ਼ਿਕਾਇਤ ’ਤੇ ਉਸ ਦੀ ਨੂੰਹ ਜਸ਼ਨਜੋਤ ਕੌਰ, ਕੁੜਮ ਗੁਰਚਰਨ ਸਿੰਘ ਅਤੇ ਕੁੜਮਣੀ ਰਛਪਾਲ ਕੌਰ ਵਾਸੀ ਪਿੰਡ ਬੜੂੰਦੀ ਨੂੰ 75 ਲੱਖ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਮੁਖੀ ਕੁਲਵਿੰਦਰ ਸਿੰਘ ਅਨੁਸਾਰ ਕੁਲਜੀਤ ਸਿੰਘ ਦੀ ਦਰਖ਼ਾਸਤ ਦੀ ਮੁੱਢਲੀ ਜਾਂਚ ਡੀ ਐੱਸ ਪੀ (ਸਥਾਨਕ) ਜਗਰਾਉਂ ਵੱਲੋਂ ਕੀਤੀ ਗਈ। ਇਸ ਦੌਰਾਨ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਜ਼ਿਲ੍ਹਾ ਪੁਲੀਸ ਮੁਖੀ ਡਾ. ਅੰਕੁਰ ਗੁਪਤਾ ਦੇ ਹੁਕਮਾਂ ’ਤੇ ਤਿੰਨਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਸੇਵਕ ਸਿੰਘ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਅਨੁਸਾਰ 6 ਜੂਨ 2018 ਨੂੰ ਉਸ ਦੇ ਪੁੱਤਰ ਹਰਮਨਪ੍ਰੀਤ ਸਿੰਘ ਦਾ ਰਿਸ਼ਤਾ ਜਸ਼ਨਜੋਤ ਕੌਰ ਵਾਸੀ ਬੜੂੰਦੀ ਨਾਲ ਹੋਇਆ ਸੀ। ਲੜਕੀ ਦੇ ਪਰਿਵਾਰ ਨੇ ਉਸ ਦੇ ਪੁੱਤਰ ਨੂੰ ਕੈਨੇਡਾ ਲਿਜਾਣ ਦਾ ਸਬਜ਼ਬਾਗ਼ ਦਿਖਾ ਕੇ ਪਹਿਲਾਂ 17 ਲੱਖ ਰੁਪਏ ਲਏ ਤੇ ਬਾਅਦ ਵਿੱਚ 34 ਲੱਖ ਰੁਪਏ ਫ਼ੀਸਾਂ ਵੀ ਉਨ੍ਹਾਂ ਨੇ ਹੀ ਭਰੀਆਂ। ਪਿਛਲੇ ਸਾਲ ਮਈ ਨੂੰ ਵਰਕ ਪਰਮਿਟ ਮਿਲਣ ਮਗਰੋਂ ਹਰਮਨਪ੍ਰੀਤ ਸਿੰਘ ਵੀ ਕੈਨੇਡਾ ਤਾਂ ਚਲਾ ਗਿਆ ਪਰ ਜਸ਼ਨਜੋਤ ਨੇ ਉਸ ਨੂੰ ਆਪਣੇ ਕੋਲ ਨਹੀਂ ਰੱਖਿਆ। ਉਨ੍ਹਾਂ ਦੋਸ਼ ਲਾਇਆ ਕਿ ਲੜਕੀ ਕਿਸੇ ਹੋਰ ਮਰਦ ਨਾਲ ਰਹਿੰਦੀ ਸੀ। ਇਸ ਮਗਰੋਂ ਹਰਮਨਪ੍ਰੀਤ ਸਿੰਘ ਨੂੰ ਭਾਰਤ ਆਉਣਾ ਪਿਆ।
ਉਨ੍ਹਾਂ ਦੋਸ਼ ਲਾਇਆ ਕਿ ਜਸ਼ਨਜੋਤ ਨੇ ਹੁਣ ਤੱਕ ਹਰਮਨਪ੍ਰੀਤ ਦੀ ਜ਼ਿੰਦਗੀ ਦੇ ਅੱਠ ਸਾਲ ਬਰਬਾਦ ਕਰ ਦਿੱਤੇ ਤੇ ਪਰਿਵਾਰ ਨਾਲ 75 ਲੱਖ ਦੀ ਧੋਖਾਧੜੀ ਕਰ ਕੇ ਆਪਣਾ ਪਰਿਵਾਰ ਕੈਨੇਡਾ ਵਿੱਚ ਬੁਲਾ ਲਿਆ ਹੈ। ਥਾਣਾ ਮੁਖੀ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ ਹੈ।