ਏਮਜ਼ ਬਠਿੰਡਾ ’ਚ 55 ਸੁਰੱਖਿਆ ਗਾਰਡ ਕੱਢੇ ਗਏ
ਏਮਜ਼ ਬਠਿੰਡਾ ਵੱਲੋਂ 55 ਸੁਰੱਖਿਆ ਗਾਰਡਾਂ ਨੂੰ ਅਚਾਨਕ ਸੇਵਾ ਤੋਂ ਫਾਰਗ ਕਰ ਦਿੱਤਾ ਗਿਆ ਹੈ। ਇਸ ਕਾਰਨ ਗਾਰਡਾਂ ਨੇ ਮੁੱਖ ਗੇਟ ‘ਤੇ ਪ੍ਰਦਰਸ਼ਨ ਕਰਦੇ ਹੋਏ ਆਪਣੀ ਨੌਕਰੀ ਬਹਾਲ ਕਰਨ ਦੀ ਮੰਗ ਕੀਤੀ।
ਜਾਣਕਾਰੀ ਮੁਤਾਬਕ ਇਹ ਗਾਰਡ ਪਹਿਲਾਂ ਪ੍ਰਿੰਸੀਪਲਜ਼ ਨਾਮਕ ਕੰਪਨੀ ਦੇ ਅਧੀਨ ਕੰਮ ਕਰਦੇ ਸਨ ਪਰ ਕੁਝ ਸਮੇਂ ਤੋਂ ਕੰਪਨੀ ਵੱਖ-ਵੱਖ ਵਿਵਾਦਾਂ ਵਿੱਚ ਰਹੀ ਹੈ। ਇਸੇ ਦੌਰਾਨ ਕੰਪਨੀ ਦੇ ਸੁਰੱਖਿਆ ਕਰਮੀਆਂ ਵੱਲੋਂ ਏਮਜ਼ ਵਿੱਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਪ੍ਰਤੀ ਗ਼ਲਤ ਵਰਤਾਓ ਕਰਨ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆਈਆਂ।
ਹੁਣ ਇਨ੍ਹਾਂ ਗਾਰਡਾਂ ਨੂੰ ਇੱਕ ਮੋਹਾਲੀ ਦੇ ਸੇਵਾਮੁਕਤ ਫੌਜੀ ਅਧਿਕਾਰੀ ਦੀ ਕੰਪਨੀ ਵੱਲੋਂ ਹਟਾਇਆ ਗਿਆ ਹੈ। ਫਾਰਗ ਕੀਤੇ ਗਏ ਕਰਮਚਾਰੀਆਂ ਨੇ ਏਮਜ਼ ਪ੍ਰਬੰਧਨ ਤੋਂ ਨੌਕਰੀ ਬਹਾਲੀ ਦੀ ਮੰਗ ਕਰਦਿਆਂ ਅੱਗੇ ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਆਪਣਾ ਪੱਖ ਪੇਸ਼ ਕਰਦਿਆਂ ਕਿਹਾ ਕਿ ਨਵੀਂ ਸੁਰੱਖਿਆ ਕੰਪਨੀ ਬਿਨ੍ਹਾ ਤਜ਼ਰਬੇਕਾਰ ਬੰਦੇ ਰੱਖ ਰਹੀ ਹੈ। ਜਦੋਂ ਕਿ ਉਹ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ। ਦੂਜੇ ਪਾਸੇ ਏਮਜ਼ ਬਠਿੰਡਾ ਦੇ ਅਧਿਕਾਰੀ ਕਰਨਲ ਰਾਜੀਵ ਸੈਨ ਰਾਏ ਨੇ ਪੱਲਾ ਝਾੜਦਿਆਂ ਕਿਹਾ ਇਸ ਮਾਮਲੇ ਦਾ ਏਮਜ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ।