ਹੜ੍ਹ: ਜਵਾਹਰ ਨਵੋਦਿਆ ਵਿਦਿਆਲਾ ਵਿੱਚ ਫਸੇ 400 ਵਿਦਿਆਰਥੀਆਂ ਤੇ ਸਟਾਫ਼ ਨੂੰ ਕੱਢਣ ਦਾ ਕੰਮ ਸ਼ੁਰੂ
ਪਾਣੀ ਨਾਲ ਘਿਰੀ ਇਮਾਰਤ ,ਦੂਸਰੀ ਮੰਜ਼ਿਲ ’ਤੇ ਪਹੁੰਚਾਏ ਗਏ ਸੀ ਵਿਦਿਆਰਥੀ
Advertisement
ਸੂਬੇ ਅਤੇ ਪਹਾੜੀ ਖੇਤਰ ਵਿੱਚ ਲਗਾਤਾਰ ਪੈ ਰਹੇ ਮੀਂਹ ਨੇ ਕਈ ਖੇਤਰਾਂ ਨੂੰ ਪ੍ਰਭਾਵਿਤ ਕੀਤਾ ਹੈ। ਇੱਥੇ ਸਥਿਤ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਵਿੱਚ 400 ਵਿਦਿਆਰਥੀ ਹੜ੍ਹ ਦੇ ਪਾਣੀ ਕਾਰਨ ਸੰਸਥਾ ਦੀ ਇਮਾਰਤ ਵਿੱਚ ਫਸ ਗਏ। ਮਾਮਲਾ ਸਾਹਮਣੇ ਆਉਣ ਮਗਰੋਂ ਪ੍ਰਸ਼ਾਸਨ ਵੱਲੋਂ ਮੌਕੇ ’ਤੇ ਤਿੰਨ ਕਿਸ਼ਤੀਆਂ ਭੇਜੀਆਂ ਗਈਆਂ ਅਤੇ ਨਾਲ ਹੀ ਇਲਾਕਾ ਵਾਸੀਆਂ ਨੇ ਜੇਸੀਬੀ ਦਾ ਪ੍ਰਬੰਧ ਕੀਤਾ।
ਜੇਸੀਬੀ ਰਾਹੀਂ 25 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕਿਸ਼ਤੀਆਂ ਅਤੇ ਟਰੈਕਟਰਾਂ ਦੀ ਮਦਦ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਲਿਆਉਣ ਦਾ ਕੰਮ ਜਾਰੀ ਹੈ।
ਦੱਸਣਯੋਗ ਹੈ ਕਿ ਰਾਵੀ ਦਰਿਆ ਦਾ ਪਾਣੀ ਹੱਦਾਂ ਬੰਨੇ ਟੱਪ ਕੇ ਕਰੀਬ 9 ਕਿੱਲੋਮੀਟਰ ਦੂਰ ਤੱਕ ਫੈਲ ਗਿਆ ਹੈ ਅਤੇ ਇਹ ਪਾਣੀ ਨੇੜੇ ਤੇੜੇ ਦੇ ਸਾਰੇ ਪਿੰਡਾਂ ਨੂੰ ਲਪੇਟ ਵਿੱਚ ਲੈਂਦਾ ਹੋਇਆ ਤੇਜ਼ੀ ਨਾਲ ਕਲਾਨੌਰ ਖੇਤਰ ਵੱਲ ਵਧ ਰਿਹਾ ਹੈ।
ਇਸ ਖੇਤਰ ਵਿੱਚ ਵਧੇ ਪਾਣੀ ਦੇ ਪੱਧਰ ਕਾਰਨ ਨਵੋਦਿਆ ਸਕੂਲ ਦੇ ਵਿੱਚ ਪੰਜ ਫੁੱਟ ਦੀ ਉਚਾਈ ਤੱਕ ਪਾਣੀ ਖੜ੍ਹਾ ਹੋ ਗਿਆ ਹੈ ।
ਪ੍ਰਿੰਸੀਪਲ ਨਰੇਸ਼ ਕੁਮਾਰ ਨਾਲ ਹੋਈ ਫ਼ੋਨ ’ਤੇ ਗੱਲਬਾਤ ਅਨੁਸਾਰ ਹੋਸਟਲ ਵਿੱਚ ਰਹਿੰਦੇ ਕੁੱਲ 400 ਵਿਦਿਆਰਥੀ ਵੱਖ-ਵੱਖ ਕਲਾਸਾਂ ਦੇ ਫਸੇ ਹੋਏ ਹਨ। ਇਸ ਦੇ ਨਾਲ ਹੀ ਸਕੂਲ ਵਿੱਚ 40 ਅਧਿਆਪਕਾਂ ਅਤੇ ਕਰਮਚਾਰੀਆਂ ਦਾ ਸਟਾਫ਼ ਵੀ ਉਨ੍ਹਾਂ ਸਮੇਤ ਫਸ ਗਿਆ ਸੀ।
ਉਨ੍ਹਾਂ ਪ੍ਰਸ਼ਾਸਨ ਨੂੰ ਮਦਦ ਲਈ ਗੁਹਾਰ ਲਗਾਈ ਗਈ ਹੈ ਅਤੇ ਪ੍ਰਸ਼ਾਸਨ ਵੱਲੋਂ ਜਲਦੀ ਹੀ ਵਿਦਿਆਰਥੀਆਂ ਨੂੰ ਕੱਢਣ ਲਈ ਇੰਤਜ਼ਾਮ ਕਰਨ ਦੀ ਸੰਭਾਵਨਾ ਹੈ ।
Advertisement
Advertisement