ਜਵਾਹਰ ਨਵੋਦਿਆ ਵਿਦਿਆਲਿਆ ’ਚ ਫਸੇ 400 ਬੱਚਿਆਂ ਅਤੇ ਸਟਾਫ਼ ਨੂੰ ਸੁਰੱਖਿਅਤ ਕੱਢਿਆ
ਰਾਵੀ ਦਰਿਆ ਵਿੱਚ ਆਏ ਹੜ੍ਹ ਕਾਰਨ ਬੀਤੀ ਰਾਤ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੇ ਪੀਐੱਮ ਸ੍ਰੀ ਸਕੂਲ, ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ ਵਿੱਚ 381 ਵਿਦਿਆਰਥੀ ਅਤੇ 70 ਦੇ ਕਰੀਬ ਅਧਿਆਪਕ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੜ੍ਹ ਦੇ ਪਾਣੀ ਵਿੱਚ ਘਿਰ ਗਏ ਸਨ। ਇਨ੍ਹਾਂ ਸਭ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਬੀਐੱਸਐੱਫ ਅਤੇ ਐੱਨਡੀਆਰਐੱਫ ਅਤੇ ਖ਼ਾਲਸਾ ਏਡ ਅਤੇ ਗਲੋਬਲ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸੁਰੱਖਿਅਤ ਬਾਹਰ ਕੱਢਿਆ ਲਿਆ ਹੈ। ਰਾਵੀ ਦਰਿਆ ਦਾ ਪਾਣੀ ਇੰਨਾ ਜ਼ਿਆਦਾ ਸੀ ਕਿ ਇਸ ਸਕੂਲ ਵਿੱਚ ਚਾਰ ਤੋਂ ਪੰਜ ਫੁੱਟ ਦੇ ਕਰੀਬ ਪਾਣੀ ਆ ਗਿਆ ਸੀ। ਖ਼ਾਲਸਾ ਏਡ ਅਤੇ ਗਲੋਬਲ ਸਿੱਖ ਨਾਲ ਸਬੰਧਤ ਨੌਜਵਾਨ ਇਸ ਕੰਮ ਲਈ ਆਪਣੀਆਂ ਕਿਸ਼ਤੀਆਂ ਸਣੇ ਪਹੁੰਚੇ ਸਨ।
ਦੱਸਣਯੋਗ ਹੈ ਕਿ ਇਸ ਸਬੰਧੀ ਸਕੂਲ ਪ੍ਰਿੰਸੀਪਲ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਦੇ ਨੰਬਰ ’ਤੇ ਮਦਦ ਲਈ ਕਾਲ ਕੀਤੀ ਗਈ ਸੀ। ਪ੍ਰਸ਼ਾਸਨ ਦੀਆਂ ਟੀਮਾਂ ਨੂੰ ਸਕੂਲੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਅਧਿਆਪਕਾਂ ਦੇ ਬਚਾਅ ਲਈ ਭੇਜਿਆ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਬੀਐੱਸਐੱਫ ਅਤੇ ਐੱਨਡੀਆਰਐੱਫ ਦੇ ਸਹਿਯੋਗ ਦੇ ਨਾਲ ਕਿਸ਼ਤੀਆਂ ਰਾਹੀਂ ਪਹੁੰਚ ਕਰਕੇ ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਵਿਦਿਆਰਥੀਆਂ ਦੇ ਬਚਾਅ ਲਈ ਖ਼ਾਲਸਾ ਏਡ ਦੀ ਟੀਮ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੀ।
ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ ਦੇ ਪ੍ਰਿੰਸੀਪਲ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੀਤੀ ਗਈ ਅਣਗਹਿਲੀ ਦਾ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਗੁਰਦਾਸਪੁਰ ਵੱਲੋਂ ਪ੍ਰਿੰਸੀਪਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਜਾਰੀ ਨੋਟਿਸ ਵਿੱਚ ਕਿਹਾ ਕਿ ਜਦੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ ਤਾਂ ਪ੍ਰਿੰਸੀਪਲ ਵੱਲੋਂ ਬੱਚਿਆਂ ਨੂੰ ਛੁੱਟੀ ਕਰਕੇ ਘਰ ਕਿਉਂ ਨਹੀਂ ਭੇਜਿਆ ਗਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਚਿਤਾਵਨੀ ਵੀ ਦਿੱਤੀ ਜਾ ਰਹੀ ਸੀ ਕਿ ਰਾਵੀ ਦਰਿਆ ਦੇ ਨੇੜੇ ਦੇ ਖੇਤਰ ਵਿੱਚ ਹੜ੍ਹ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਭ ਨੂੰ ਦਰਕਿਨਾਰ ਕਰਕੇ ਬੱਚਿਆਂ ਦੀ ਜਾਨ ਨੂੰ ਗੰਭੀਰ ਖ਼ਤਰੇ ਵਿੱਚ ਪਾਉਣਾ ਨਾ-ਬਰਦਾਸ਼ਤਯੋਗ ਹੈ।