ਪੁਲੀਸ ਮੁਕਾਬਲਿਆਂ ਵਿੱਚ 3 ਮੁਲਜ਼ਮ ਜ਼ਖ਼ਮੀ
ਅੰਮ੍ਰਿਤਸਰ: ਇੱਥੇ ਅੰਮ੍ਰਿਤਸਰ ਦਿਹਾਤੀ ਤੇ ਸ਼ਹਿਰੀ ਖੇਤਰ ’ਚ ਹੋਏ ਦੋ ਮੁਕਾਬਲਿਆਂ ਵਿੱਚ 3 ਮੁਲਜ਼ਮ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ’ਚ ਅਮਰੀਕਾ ਸਥਿਤ ਗੈਂਗਸਟਰ ਜੀਵਨ ਫੌਜੀ ਦੇ ਦੋ ਸਾਥੀ ਵੀ ਸ਼ਾਮਲ ਹਨ। ਪਹਿਲੀ ਘਟਨਾ ’ਚ ਮੁਲਜ਼ਮ ਸ਼ਿਵਮ ਸਿੰਘ ਉਰਫ਼ ਬੱਬਲੂ (24) ਨੂੰ ਅੱਜ ਵੇਰਕਾ ਬਾਈਪਾਸ ਖੇਤਰ ਵਿੱਚ ਹਥਿਆਰ ਬਰਾਮਦ ਕਰਨ ਲਈ ਲਿਆਂਦਾ ਗਿਆ ਸੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਸ ਕੋਲੋਂ ਪਿਸਤੌਲ ਦੀ ਬਰਾਮਦਗੀ ਮਗਰੋਂ ਉਸ ਨੇ ਪਿਸ਼ਾਬ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਸ ਨੇ ਸੀਨੀਅਰ ਕਾਂਸਟੇਬਲ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਏਐੱਸਆਈ ਕੇਵਲ ਕ੍ਰਿਸ਼ਨ ਨੇ ਖ਼ਤਰੇ ਨੂੰ ਦੇਖਦਿਆਂ ਗੋਲੀ ਚਲਾ ਦਿੱਤੀ। ਲੱਤ ਵਿੱਚ ਗੋਲੀ ਲੱਗਣ ’ਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਨੇ ਕਿਹਾ ਕਿ ਸੀਆਈਏ ਸਟਾਫ ਨੂੰ ਜੀਵਨ ਫੌਜੀ ਦੇ ਕਾਰਕੁਨਾਂ ਦੀਆਂ ਕੁਝ ਅਪਰਾਧਕ ਗਤੀਵਿਧੀਆਂ ਬਾਰੇ ਸੂਚਨਾ ਮਿਲੀ ਸੀ। ਇਸੇ ਤਹਿਤ ਇੰਸਪੈਕਟਰ ਮਨਮੀਤਪਾਲ ਸਿੰਘ ਦੀ ਅਗਵਾਈ ਹੇਠ ਸੀਆਈਏ ਟੀਮ ਨੇ ਜਦੋਂ ਉਨ੍ਹਾਂ ਨੂੰ ਘੇਰ ਲਿਆ, ਤਾਂ ਦੋਵਾਂ ਨੇ ਪੁਲੀਸ ’ਤੇ ਗੋਲੀਆਂ ਚਲਾਈਆਂ। ਜਵਾਬੀ ਫਾਇਰਿੰਗ ਦੌਰਾਨ ਦੋਵੇਂ ਜ਼ਖਮੀ ਹੋ ਗਏ। ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ, ਦੋ ਮੋਬਾਈਲ ਫੋਨ ਤੇ ਸਕੂਟਰ ਬਰਾਮਦ ਕੀਤਾ। -ਟਨਸ