ਪਰਾਲੀ ਫੂਕਣ ’ਤੇ 2251 ਕਿਸਾਨਾਂ ਨੂੰ 1.18 ਕਰੋੜ ਜੁਰਮਾਨਾ
ਪੰਜਾਬ ਵਿੱਚ 31.72 ਲੱਖ ਹੈਕਟੇਅਰ ਝੋਨੇ ਵਿੱਚੋਂ 99.15 ਫ਼ੀਸਦੀ ਖੇਤਾਂ ਵਿੱਚੋਂ ਵਢਾਈ ਹੋ ਚੁੱਕੀ ਹੈ। ਇਸ ਤਹਿਤ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਆਈ ਐੱਸ ਆਰ ਓ) ਦੇ ਅੰਕੜਿਆਂ ਅਨੁਸਾਰ ਅੱਜ ਤੱਕ 4972 ਕਿਸਾਨਾਂ ਨੇ ਪਰਾਲੀ ਫੂਕੀ ਹੈ, ਜਦੋਂਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਵੱਲੋਂ ਜਾਰੀ ਅੰਕੜਿਆਂ ਅਨੁਸਾਰ 2344 ਕਿਸਾਨਾਂ ਨੇ ਪਰਾਲੀ ਸਾੜੀ ਹੈ। ਇਸ ਤਹਿਤ 2115 ਕਿਸਾਨ ਨੂੰ ਲਾਲ ਖਾਨੇ (ਰੈੱਡ ਐਂਟਰੀ) ਵਿੱਚ ਦਰਜ ਕੀਤਾ ਗਿਆ ਹੈ। ਸੂਬੇ ਵਿੱਚ 2344 ਕਿਸਾਨਾਂ ’ਚੋਂ 2251 ਨੂੰ 1,17,95,000 ਰੁਪਏ ਜੁਰਮਾਨਾ ਕੀਤਾ ਗਿਆ ਹੈ। ਇਸ ਵਿੱਚੋਂ 59,20,000 ਰੁਪਏ ਜੁਰਮਾਨਾ ਵਸੂਲ ਕਰ ਲਿਆ ਗਿਆ ਹੈ। ਇਨ੍ਹਾਂ ’ਚੋਂ 1847 ਕਿਸਾਨਾਂ ਖ਼ਿਲਾਫ਼ ਬੀ ਐੱਨ ਐੱਸ ਦੀ ਧਾਰਾ 223 ਤਹਿਤ ਕੇਸ ਦਰਜ ਕੀਤੇ ਗਏ ਹਨ। ਸਭ ਤੋਂ ਵੱਧ ਪਰਾਲੀ ਸਾੜਨ ਦੇ ਕੇਸ ਸੰਗਰੂਰ ਅਤੇ ਫ਼ਿਰੋਜ਼ਪੁਰ ਵਿੱਚ (209 ਕਿਸਾਨਾਂ ’ਤੇ) ਦਰਜ ਹੋਏ। ਸਭ ਤੋਂ ਵੱਧ ਜੁਰਮਾਨਾ ਪਟਿਆਲਾ ਵਿੱਚ 8,45,000 ਰੁਪਏ ਕੀਤਾ ਸੀ ਅਤੇ 100 ਫ਼ੀਸਦੀ ਵਸੂਲ ਲਿਆ ਗਿਆ ਹੈ। ਫ਼ਿਰੋਜ਼ਪੁਰ ਦੇ ਕਿਸਾਨਾਂ ਨੂੰ ਸਭ ਤੋਂ ਵੱਧ ਜੁਰਮਾਨਾ 17,65,000 ਰੁਪਏ ਕੀਤਾ ਸੀ ਅਤੇ 5,40,000 ਰੁਪਏ ਵਸੂਲ ਲਏ ਹਨ। ਮੋਗਾ ’ਚ 209 ਕਿਸਾਨਾਂ ਨੂੰ 10,90,000 ਰੁਪਏ ਜੁਰਮਾਨਾ ਕੀਤਾ ਸੀ ਪਰ ਇਕ ਵੀ ਕਿਸਾਨ ਤੋਂ ਵਸੂਲੀ ਨਹੀਂ ਕੀਤੀ। ਤਰਨ ਤਾਰਨ ’ਚ 217 ਕਿਸਾਨਾਂ ਨੂੰ 11,10,000 ਰੁਪਏ ਕੀਤੇ ਜੁਰਮਾਨੇ ਵਿੱਚੋਂ 6,75,000 ਵਸੂਲਿਆ ਗਿਆ ਹੈ।
1468 ਨੋਡਲ ਅਫਸਰਾਂ ਨੂੰ ਨੋਟਿਸ
ਪੰਜਾਬ ’ਚ ਜਿਨ੍ਹਾਂ ਨੋਡਲ ਅਫ਼ਸਰਾਂ ਤੇ ਸੁਪਰਵਾਈਜ਼ਰਾਂ ਨੇ ਆਪਣੀ ਡਿਊਟੀ ਨਿਭਾਉਣ ਵਿੱਚ ਕੁਤਾਹੀ ਕੀਤੀ ਤੇ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਵਿੱਚ ਕਾਮਯਾਬੀ ਹਾਸਲ ਨਹੀਂ ਕੀਤੀ, ਉਨ੍ਹਾਂ 1468 ਨੂੰ ਨੋਟਿਸ ਜਾਰੀ ਕੀਤੇ ਗਏ ਹਨ। ਸਭ ਤੋਂ ਵੱਧ 204 ਨੋਟਿਸ ਮਾਨਸਾ ਵਿੱਚ ਜਾਰੀ ਕੀਤੇ ਹਨ। ਅੰਮ੍ਰਿਤਸਰ ’ਚ 168, ਬਰਨਾਲਾ ਵਿੱਚ 100, ਜਲੰਧਰ ਵਿੱਚ 120 ਨੋਟਿਸ ਜਾਰੀ ਕੀਤੇ ਗਏ ਹਨ।
ਰੋਪੜ ਦਾ ਏ ਕਿਊ ਆਈ ਸਭ ਤੋਂ ਘੱਟ
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਦਾ ਹਵਾ ਵਿੱਚ ਅੱਜ ਏ ਕਿਊ ਆਈ 162 ਰਿਹਾ, ਰੋਪੜ ਵਿੱਚ 51, ਬਠਿੰਡਾ ਵਿੱਚ 109, ਜਲੰਧਰ ’ਚ 120, ਖੰਨਾ ’ਚ 163, ਲੁਧਿਆਣਾ ’ਚ 164, ਮੰਡੀ ਗੋਬਿੰਦਗੜ੍ਹ ’ਚ 140, ਪਟਿਆਲਾ ’ਚ ਏ ਕਿਊ ਆਈ 138 ਦਰਜ ਕੀਤਾ ਗਿਆ ਹੈ।
