ਜੀ ਐੱਸ ਟੀ ਮਾਲੀਏ ’ਚ 21.51 ਫ਼ੀਸਦੀ ਵਾਧਾ
ਪੰਜਾਬ ਨੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਅਕਤੂਬਰ 2025 ਤੱਕ ਜੀ ਐੱਸ ਟੀ ਮਾਲੀਏ ਵਿੱਚ 21.51 ਫੀਸਦ ਦਾ ਵਾਧਾ ਦਰਜ ਕੀਤਾ ਹੈ। ਅਕਤੂਬਰ ਮਹੀਨੇ ਵਿੱਚ ਹੀ 14.46 ਫੀਸਦ ਦਾ ਵਾਧਾ ਹੋਇਆ ਹੈ। ਇਸ ਬਾਰੇ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਹਾਲ ਹੀ ’ਚ ਆਏ ਹੜ੍ਹਾਂ ਬਾਵਜੂਦ ਸੂਬੇ ਦੇ ਵਧੀਆ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਅਪਰੈਲ ਤੋਂ ਅਕਤੂਬਰ 2025 ਤੱਕ ਜੀ ਐੱਸ ਟੀ ਵਜੋਂ 15,683.59 ਕਰੋੜ ਰੁਪਏ ਪ੍ਰਾਪਤ ਕੀਤੇ ਗਏ ਹਨ, ਜਦੋਂ ਕਿ ਪਿਛਲੇ ਵਿੱਤੀ ਵਰ੍ਹੇ ਵਿੱਚ ਇਸ ਸਮੇਂ ਤੱਕ 12,907.31 ਕਰੋੜ ਰੁਪਏ ਆਏ ਸੀ, ਜਿਸ ਵਿੱਚ 2,776 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਸ੍ਰੀ ਚੀਮਾ ਨੇ ਕਿਹਾ ਕਿ ਸਿਰਫ਼ ਅਕਤੂਬਰ 2025 ਲਈ ਸੂਬੇ ’ਚ ਜੀ ਐੱਸ ਟੀ ਪ੍ਰਾਪਤੀ 2,359.16 ਕਰੋੜ ਰੁਪਏ ਰਹੀ, ਜੋ ਕਿ ਅਕਤੂਬਰ 2024 ਨਾਲੋਂ 14.46 ਫ਼ੀਸਦ ਵੱਧ ਹੈ। ਪਿਛਲੇ ਸਾਲ ਸਿਰਫ਼ ਅਕਤੂਬਰ ਮਹੀਨੇ ਵਿੱਚ 2,061.23 ਕਰੋੜ ਰੁਪਏ ਜੀ ਐੱਸ ਟੀ ਇਕੱਠਾ ਹੋਇਆ ਸੀ। ਇਸ ਤਰ੍ਹਾਂ ਪੰਜਾਬ ਨੇ ਅਕਤੂਬਰ ਮਹੀਨੇ ਦੌਰਾਨ 298 ਕਰੋੜ ਰੁਪਏ ਵੱਧ ਜੀ ਐੱਸ ਟੀ ਇਕੱਠਾ ਕੀਤਾ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਟੈਕਸ ਸਲੈਬਾਂ ਵਿੱਚ ਕਟੌਤੀਆਂ ਅਤੇ ਭਿਆਨਕ ਹੜ੍ਹਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਪੰਜਾਬ ਦੀ ਜੀ ਐੱਸ ਟੀ ਆਮਦਨ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਟੈਕਸ ਨਿਯਮਾਂ ਦੀ ਬਿਹਤਰ ਪਾਲਣਾ, ਟੈਕਸ ਚੋਰੀ ਰੋਕਣ ਲਈ ਪਹਿਲਕਦਮੀਆਂ ਅਤੇ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਦੀ ਸਫ਼ਲਤਾ ਨੂੰ ਦਰਸਾਉਂਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੈਕਸ ਕੁਲੈਕਸ਼ਨ ਵਿੱਚ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ।
