ਹਰਚੰਦਪੁਰ, ਬਾਦਸ਼ਾਹਪੁਰ ਤੇ ਰਾਮਪੁਰ ਪੜਤਾ ਦਾ 2000 ਏਕੜ ਝੋਨਾ ਹੜ੍ਹ ਦੀ ਭੇਟ ਚੜ੍ਹਿਆ
ਪਿੰਡ ਬਾਦਸ਼ਾਹਪੁਰ ਦਾ ਡੇਰਾ ਪਾੜਿਆਂ ਨੇੜੇ ਰਾਤ ਨੂੰ ਘੱਗਰ ਦਾ ਪਾਣੀ ਓਵਰਫਲੋਅ ਹੋ ਕੇ ਜਦੋਂ ਖੇਤਾਂ ਪੈਣਾ ਸ਼ੁਰੂ ਮੌਕੇ ਪਤਾ ਲੱਗਿਆ ਤਾਂ ਇਕੱਠੇ ਹੋਏ ਲੋਕਾਂ ਨੇ ਰਾਤ ਬਾਰਾਂ ਵਜੇ ਤੱਕ ਭਾਰੀ ਮੁਸ਼ੱਕਤ ਕਰਕੇ ਬੰਨ੍ਹ ਮਜ਼ਬੂਤ ਕੀਤਾ। ਸਵੇਰੇ ਪਿੰਡ ਹਰਚੰਦਪੁਰਾ ਵਾਲੇ ਪਾਸੇ ਘੱਗਰ ਦਾ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਲੋਕ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਇੱਥੇ ਵੀ ਲੋਕਾਂ ਨੇ ਕਾਫ਼ੀ ਜੱਦੋ-ਜਹਿਦ ਨਾਲ ਬੰਨ੍ਹ ਨੂੰ ਰੁੜਣ ਤੋਂ ਬਚਾਇਆ।
ਦੂਜੇ ਪਾਸੇ ਖਨੌਰੀ ਹੈੱਡਵਰਕਸ ’ਤੇ ਬੁਰਜੀ ਨੰਬਰ ਆਰਡੀ 460 ਉੱਤੇ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ 748 ਨੂੰ ਪਾਰ 750.4 ’ਤੇ ਚੱਲ ਰਿਹਾ ਹੈ। ਸੰਭਾਵੀ ਹੜ੍ਹ ਦੇ ਖਤਰਾ ਅਜੇ ਟਲਿਆ ਨਹੀਂ ਕਿਉਂਕਿ ਲਗਾਤਾਰ ਪਾਣੀ ਰਹਿਣ ਕਾਰਨ ਘਗਰ ਦਰਿਆ ਦੇ ਬੰਨੇ ਕਮਜ਼ੋਰ ਹੋ ਚੁੱਕੇ ਹਨ। ਕਿਸਾਨਾਂ ਲਗਾਤਾਰ ਬੰਨ੍ਹ ਮਜ਼ਬੂਤ ਕਰਨ ਦੇ ਨਾਲ-ਨਾਲ ਦਿਨ ਰਾਤ ਪਹਿਰਾ ਦੇ ਰਹੇ ਹਨ। ਘੱਗਰ ਕਿਨਾਰੇ ਵਸਦੇ ਲੋਕਾਂ ਮੁਤਾਬਕ ਉਨ੍ਹਾਂ ਜ਼ਿੰਦਗੀ ਵਿੱਚ ਪਹਿਲੀ ਵਾਰ ਦੇਖਿਆ ਹੈ ਘੱਗਰ ਹਫਤੇ ਤਾਂ ਜ਼ਿਆਦਾ ਸਮਾਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਰਿਹਾ ਹੈ।
ਪਿੰਡ ਬਾਦਸ਼ਾਹਪੁਰ, ਰਾਮਪੁਰ ਪੜਤਾ, ਦੁਆਰਕਾਪੁਰ ਅਤੇ ਹੋਰ ਪਿੰਡਾਂ ਦੇ ਵਸਨੀਕਾਂ ਨੇ ਦੱਸਿਆ ਕਿ ਘੱਗਰ ਦਰਿਆ ਦੇ ਇੱਕ ਪਾਸੇ ਪ੍ਰਾਈਵੇਟ ਬੰਨ੍ਹ ਹੈ, ਜਿਸ ਨੂੰ ਬਚਾਉਣ ਲਈ ਲੋਕ ਲਗਾਤਾਰ ਯਤਨ ਕਰ ਰਹੇ ਹਨ। ਦੂਸਰੇ ਪਾਸੇ ਪਿੰਡ ਰਾਮਪੁਰ ਪੜਤਾ ਦੇ ਨੇੜੇ ਘੱਗਰ ਤੋਂ ਕੋਈ ਡੇਢ ਕਿਲੋਮੀਟਰ ਦੀ ਦੂਰੀ ਸਰਕਾਰ ਨੇ ਰਿੰਗ ਬੰਨ੍ਹ ਬਣਾਇਆ ਹੋਇਆ ਹੈ। ਓਵਰਫਲੋਅ ਹੋਏ ਘੱਗਰ ਨੇ ਘੱਗਰ ਤੇ ਰਿੰਗ ਬੰਨ੍ਹ ਵਿਚਲੇ ਰਕਬੇ ਨੂੰ ਬਰਬਾਦ ਕਰ ਦਿੱਤਾ ਹੈ।
ਹਰਚੰਦਪੁਰ ਵਾਸੀਆਂ ਮੁਤਾਬਕ ਘੱਗਰ ਤੋਂ ਉਨ੍ਹਾਂ ਦਾ 1000 ਏਕੜ ਝੋਨਾ ਪਿਛਲੇ ਕਈ ਦਿਨਾਂ ਤੋਂ ਪਾਣੀ ਵਿੱਚ ਡੁੱਬਿਆ ਹੋਇਆ ਹੈ। ਬਾਦਸ਼ਾਹਪੁਰ ਦੇ ਪੁਲ ਦੇ ਦੂਸਰੇ ਪਾਸੇ ਰਾਮਪੁਰ ਪੜਤੇ ਨੂੰ ਜਾਣ ਵਾਲੀ ਸੜਕ ਤੋਂ ਘੱਗਰ ਦਾ ਪਾਣੀ ਪਾਰ ਹੋ ਕੇ ਨੀਵੇਂ ਖੇਤਾਂ ਵੱਲ ਰਿਹਾ ਹੈ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਗੋਭ ਵਿੱਚ ਆਏ ਝੋਨੇ ਦੀ ਫ਼ਸਲ ਲਈ ਇਹ ਪਾਣੀ ਬੜਾ ਘਾਤਿਕ ਸਿੱਧ ਹੋਵੇਗਾ। ਲੋਕਾਂ ਨੇ ਦੱਸਿਆ ਕਿ ਬਾਦਸ਼ਾਹਪੁਰ ਤੇ ਰਾਮਪੁਰ ਪੜਤਾ ਦੀ ਹਜ਼ਾਰਾਂ ਏਕੜ ਫ਼ਸਲ ਬਰਬਾਦ ਹੈਣ ਦਾ ਅਨੁਮਾਨ ਹੈ। ਉਨ੍ਹਾਂ ਦੱਸਿਆ ਕਿ ਘੱਗਰ ਦੀ ਮਾਰ ਹੁਣ ਉਨ੍ਹਾਂ ਦੀ ਬਰਬਾਦੀ ਤੋਂ ਸਿਵਾਏ ਹੋਰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਰੇ ਏਕੜ 20 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ, ਜੋ ਕਿ ਬਹੁਤ ਘੱਟ ਹੈ।
ਇਸੇ ਦੌਰਾਨ ਕਾਰ ਸੇਵਾ ਵਾਲੇ ਬਾਬਿਆਂ ਦੀ ਮਦਦ ਨਾਲ ਰਾਮਪੁਰ ਪੜਤਾ ਨੂੰ ਜਾਂਦੀ ਸੜਕ ਦੇ ਇੱਕ ਕਿਨਾਰੇ ਮਿੱਟੀ ਦੇ ਭਰੇ ਥੈਲਿਆਂ ਨਾਲ ਬੰਨ੍ਹ ਬਣਾ ਕੇ ਫ਼ਸਲ ਨੂੰ ਬਚਾਉਣ ਦੇ ਉਪਰਾਲੇ ਕੀਤੇ ਹਨ।
ਬੰਨ੍ਹ ਮਜ਼ਬੂਤ ਕਰਦੇ ਲੋਕਾਂ ਲਈ ਲੰਗਰ ਲਾਇਆ
ਨਵਾਂ ਗਾਓ ਤੇ ਰਸੋਲੀ ਦੇ ਵਿਚਕਾਰ ਤੋਂ ਲੰਘਦੇ ਜੰਮੂ ਕਟੜਾ ਐਕਸਪ੍ਰੈੱਸਵੇਅ ਦੇ ਨਿਰਮਾਣ ਦੌਰਾਨ ਘੱਗਰ ਦੇ ਬਰਬਾਦ ਹੋਏ ਬੰਨ੍ਹੇ ਮਜ਼ਬੂਤ ਕਰਨ ਵਿੱਚ ਜੁਟੇ ਕਿਸਾਨਾਂ ਲਈ ਪਿੰਡ ਸ਼ੁਤਰਾਣਾ ਦੇ ਦੁਕਾਨਦਾਰਾਂ, ਆਮ ਲੋਕਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਸਰਪੰਚ ਸੁਰੇਸ਼ ਕੁਮਾਰ ਗੁਰਪ੍ਰੀਤ ਸਿੰਘ ਬੂਟਾ ਸਿੰਘ ਬਲਦੇਵ ਸਿੰਘ ਰੂਪ ਰਾਮ ਸੰਤੋਖ ਸਿੰਘ ਸਤਪਾਲ ਸਿੰਘ ਵੱਲੋਂ ਚਾਹ, ਪਾਣੀ, ਬਿਸਕੁਟ, ਪ੍ਰਸ਼ਾਦਿ ਅਤੇ ਮਿੱਠੇ ਚੌਲਾਂ ਦਾ ਲੰਗਰ ਗਿਆ ਹੈ। ਇਸੇ ਦੌਰਾਨ ਗੋਬਿੰਦਪੁਰਾ ਪੈਂਦ ਦੇ ਗੁਰਦੁਆਰਾ ਬਾਬਾ ਸ਼ਹੀਦ ਦੇ ਗ੍ਰੰਥੀ ਨਿਹੰਗ ਸਿੰਘਾਂ ਵੱਲੋਂ ਸ਼ਰਦਈ ਦੀਆਂ ਦੇਗਾਂ ਵੰਡੀਆਂ ਜਾ ਰਹੀਆਂ ਹਨ।