ਭਾਈ ਗੁਰਦਾਸ ਲਾਇਬ੍ਰੇਰੀ ’ਚ ਨੇ ਸ਼ਹੀਦ ਊਧਮ ਸਿੰਘ ਦੀਆਂ 19 ਇਤਿਹਾਸਕ ਚਿੱਠੀਆਂ
ਮਨਮੋਹਨ ਸਿੰਘ ਢਿੱਲੋਂ
ਮਹਾਨ ਇਨਕਲਾਬੀ ਸ਼ਹੀਦ ਊਧਮ ਸਿੰਘ ਦਾ 85ਵਾਂ ਸ਼ਹੀਦੀ ਦਿਹਾੜਾ ਭਲਕੇ 31 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ। ਆਜ਼ਾਦੀ ਸੰਗਰਾਮ ਦੇ ਇਸ ਮਹਾਨ ਨਾਇਕ ਦੀਆਂ ਨਿਸ਼ਾਨੀਆਂ ਨੂੰ ਸੰਭਾਲਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿੱਚ ਸ਼ਹੀਦ ਊਧਮ ਸਿੰਘ ਦੀਆਂ 19 ਇਤਿਹਾਸਕ ਚਿੱਠੀਆਂ ਸੰਭਾਲੀਆਂ ਹੋਈਆਂ ਹਨ, ਜੋ ਉਨ੍ਹਾਂ ਦੇ ਜੀਵਨ, ਵਿਚਾਰਾਂ ਅਤੇ ਕੁਰਬਾਨੀ ਦੀਆਂ ਗਵਾਹੀਆਂ ਦਾ ਸਬੂਤ ਦਿੰਦੀਆਂ ਹਨ। ਇਨ੍ਹਾਂ ਚਿੱਠੀਆਂ ਦਾ ਅੱਜ ਵੀ ਓਨਾ ਹੀ ਮਹੱਤਵ ਹੈ, ਜਿੰਨਾ ਅੱਜ ਤੋਂ 90 ਸਾਲ ਪਹਿਲਾਂ ਸੀ। ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਨੇ ਵੀ ਇਨ੍ਹਾਂ ਇਤਿਹਾਸਕ ਚਿੱਠੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਇਹ ਚਿੱਠੀਆਂ ਨਾ ਸਿਰਫ਼ ਸ਼ਹੀਦ ਊਧਮ ਸਿੰਘ ਦੀ ਅੰਦੋਲਨਕਾਰੀ ਸੋਚ ਨੂੰ ਉਜਾਗਰ ਕਰਦੀਆਂ ਹਨ ਸਗੋਂ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਅਤੇ ਸੰਘਰਸ਼ ਦੀ ਪ੍ਰੇਰਨਾ ਵੀ ਦਿੰਦੀਆਂ ਹਨ। ਸ਼ਹੀਦ ਊਧਮ ਸਿੰਘ ਦੀਆਂ ਇਹ ਇਤਿਹਾਸਕ ਚਿੱਠੀਆਂ ਕਈ ਦਹਾਕਿਆਂ ਤੋਂ ਯੂਨੀਵਰਸਿਟੀ ਲਾਇਬ੍ਰੇਰੀ ਦੇ ਵਿਸ਼ੇਸ਼ ਹਿੱਸੇ ਵਿੱਚ ਸੁਰੱਖਿਅਤ ਪਈਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਤਿਹਾਸਕ ਦਸਤਾਵੇਜ਼ਾਂ ਅਤੇ ਆਜ਼ਾਦੀ ਸੰਗਰਾਮ ਦੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਇਆ ਜਾਵੇ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਇੱਕ ਡਿਜੀਟਲ ਆਰਕਾਈਵ ਅਤੇ ਡਾਕੂਮੈਂਟਰੀ ਪ੍ਰਾਜੈਕਟ ਦੀ ਵੀ ਸ਼ੁਰੂਆਤ ਕੀਤੀ ਹੈ, ਜੋ ਸ਼ਹੀਦ ਊਧਮ ਸਿੰਘ ਸਮੇਤ ਹੋਰ ਇਨਕਲਾਬੀਆਂ ਦੇ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਵਿੱਚ ਸੰਭਾਲ ਕੇ ਰੱਖੇਗੀ।