ਪੰਜਾਬੀ ’ਵਰਸਿਟੀ ਦੇ 16 ਅਧਿਆਪਕ ਸਿਖ਼ਰਲੇ ਵਿਗਿਆਨੀਆਂ ਦੀ ਸੂਚੀ ’ਚ
ਦੁਨੀਆ ਦੇ ਸਿਖਰਲੇ ਦੋ ਫ਼ੀਸਦੀ ਵਿਗਿਆਨੀਆਂ ਦੀ ਸੂਚੀ ਵਿੱਚ ਇਸ ਵਾਰ ਪੰਜਾਬੀ ਯੂਨੀਵਰਸਿਟੀ ਦੇ 16 ਅਧਿਆਪਕਾਂ ਨੇ ਆਪਣੀ ਜਗ੍ਹਾ ਬਣਾ ਲਈ ਹੈ। ਯੂ. ਐੱਸ. ਏ. ਦੀ ਸਟੈਨਫੋਰਡ ਯੂਨੀਵਰਸਿਟੀ ਵੱਲੋਂ ਜਾਰੀ 2025 ਦੀ ਸੂਚੀ ਵਿੱਚ ਪੰਜਾਬੀ ਯੂਨੀਵਰਸਿਟੀ ਤੋਂ 15 ਅਧਿਆਪਕਾਂ ਦਾ ਨਾਂ ਇੱਕ ਸਾਲ ਦੇ ਅੰਕੜਿਆਂ ’ਤੇ ਅਧਾਰਿਤ ਸ਼੍ਰੇਣੀ ‘ਸਿੰਗਲ ਈਅਰ’ ਵਿੱਚ ਸ਼ਾਮਲ ਹੈ, ਜਦੋਂ ਕਿ 11 ਅਧਿਆਪਕਾਂ ਦਾ ਨਾਂ ‘ਕਰੀਅਰ ਲੌਂਗ ਲਿਸਟ’ ਨਾਮਕ ਸ੍ਰੇਣੀ ਵਿੱਚ ਦਰਜ ਹੈ। ਕਈ ਅਧਿਆਪਕਾਂ ਨੂੰ ਦੋਹੇ ਸ਼੍ਰੇਣੀਆਂ ਵਿੱਚ ਸ਼ਾਮਲ ਕੀਤੇ ਜਾਣ ਕਾਰਨ ਅਧਿਆਪਕਾਂ ਦੀ ਕੁੱਲ ਗਿਣਤੀ 16 ਬਣਦੀ ਹੈ। ਸਾਲ ਵਾਲੀ ਸੂਚੀ 2024 ਵਿੱਚ ਕੀਤੀ ਗਈ ਖੋਜ ਦੇ ਆਧਾਰ ’ਤੇ ਤਿਆਰ ਕੀਤੀ ਗਈ ਹੈ।
ਇਹ ਚੋਣ ਸੰਸਾਰ ਭਰ ਵਿੱਚ ਚੋਟੀ ਦੇ ਇੱਕ ਲੱਖ ਵਿਗਿਆਨੀਆਂ ਵਿੱਚੋਂ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਲਈ ਖੁਸ਼ੀ ਵਾਲ਼ੀ ਗੱਲ ਹੈ ਕਿ ਸੂਚੀ ਵਿੱਚ ਸ਼ਾਮਲ ਅਧਿਆਪਕਾਂ ਦੀ ਗਿਣਤੀ ਪੱਖੋਂ ਪਿਛਲੇ ਪੰਜ ਸਾਲਾਂ ਤੋਂ ਯੂਨੀਵਰਸਿਟੀ ਦਾ ਗਰਾਫ਼ ਲਗਾਤਾਰ ਵਧਦੇ ਕ੍ਰਮ ਵਿੱਚ ਹੀ ਰਿਹਾ ਹੈ। ਵਰ੍ਹਾ 2024 ਦੌਰਾਨ ਜਾਰੀ ਇਸ ਸੂਚੀ ਵਿੱਚ ‘ਸਿੰਗਲ ਈਅਰ’ ਸ਼੍ਰੇਣੀ ਵਿੱਚ ਇਹ ਗਿਣਤੀ 14 ਅਤੇ ‘ਕਰੀਅਰ ਲੌਂਗ ਲਿਸਟ’ ਵਿੱਚ 11 ਸੀ। ਇਸ ਤੋਂ ਪਹਿਲਾਂ ‘ਸਿੰਗਲ ਈਅਰ’ ਸ਼੍ਰੇਣੀ ਵਿੱਚ 2023 ਦੌਰਾਨ 14, ਵਰ੍ਹਾ 2022 ਦੌਰਾਨ 11, ਵਰ੍ਹਾ 2021 ਦੌਰਾਨ 12 ਅਤੇ 2020 ਦੌਰਾਨ ਦਸ ਅਧਿਆਪਕ ਸ਼ਾਮਲ ਹੋਏ। ਇਸੇ ਤਰ੍ਹਾਂ ‘ਕਰੀਅਰ ਲੌਂਗ ਲਿਸਟ’ ਵਿੱਚ 2023 ਦੌਰਾਨ ਅੱਠ, 2022 ਦੌਰਾਨ ਪੰਜ, 2021 ਦੌਰਾਨ ਸੱਤ, 2020 ਦੌਰਾਨ ਤਿੰਨ ਅਧਿਆਪਕ ਸ਼ਾਮਲ ਸਨ।
ਇੱਕ ਸਾਲ ਦੇ ਅੰਕੜਿਆਂ ’ਤੇ ਅਧਾਰਿਤ ਸ਼੍ਰੇਣੀ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਜਿਨ੍ਹਾਂ 15 ਫ਼ੈਕਲਟੀ ਮੈਂਬਰਾਂ ਦੇ ਨਾਂ ਦਰਜ ਹੋਏ ਹਨ ਉਨ੍ਹਾਂ ਵਿੱਚ ਡਾ. ਰਾਮ ਸਰੂਪ ਸਿੰਘ, ਡਾ. ਪੁਨੀਤਪਾਲ, ਡਾ. ਯੋਗਿਤਾ ਬਾਂਸਲ, ਡਾ. ਰਾਜੇਸ਼ ਕੁਮਾਰ ਗੋਇਲ, ਡਾ. ਅਸ਼ੋਕ ਕੁਮਾਰ ਤਿਵਾੜੀ, ਡਾ. ਨਿਰਮਲ ਸਿੰਘ, ਡਾ. ਦੀਪਕ ਕੁਮਾਰ, ਡਾ. ਅਮਨਪ੍ਰੀਤ ਕੌਰ, ਡਾ. ਓਮ ਸਿਲਾਕਾਰੀ, ਡਾ. ਨਰਿੰਦਰ ਪਾਲ ਸਿੰਘ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਪਰਵੀਨ ਲਤਾ, ਡਾ. ਵਿਨੋਦ ਕੁਮਾਰ ਅਤੇ ਡਾ. ਐੱਸ. ਕੇ. ਅਸ਼ੋਕ ਕੁਮਾਰ ਸ਼ਾਮਲ ਹਨ। ‘ਕਰੀਅਰ ਲੌਂਗ ਲਿਸਟ’ ਵਿੱਚ ਡਾ. ਬੀ.ਬੀ. ਚੰਦਨ ਸਿੰਘ, ਡਾ. ਅਮਤੇਸ਼ਵਰ ਸਿੰਘ ਜੱਗੀ, ਡਾ. ਅਸ਼ੋਕ ਕੁਮਾਰ ਮਲਿਕ, ਡਾ. ਵਿਨੋਦ ਕੁਮਾਰ, ਡਾ. ਰਾਮ ਸਰੂਪ ਸਿੰਘ, ਡਾ. ਐੱਸ.ਕੇ. ਅਸ਼ੋਕ ਕੁਮਾਰ, ਡਾ. ਪ੍ਰਵੀਨ ਲਤਾ, ਡਾ. ਓਮ ਸਿਲਾਕਾਰੀ, ਡਾ. ਨਿਰਮਲ ਸਿੰਘ, ਡਾ. ਅਮਨਪ੍ਰੀਤ ਕੌਰ ਅਤੇ ਡਾ. ਅਸ਼ੋਕ ਕੁਮਾਰ ਤਿਵਾੜੀ ਸ਼ਾਮਲ ਹਨ।