ਫੈਕਟਰੀ ’ਚੋਂ 16 ਕੁਇੰਟਲ ਮਾਸ ਬਰਾਮਦ, ਪੰਜ ਕਾਬੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 13 ਜੁਲਾਈ
ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਇੱਥੇ ਤਰਨ ਤਾਰਨ ਰੋਡ ’ਤੇ ਚੱਬਾ ਪਿੰਡ ਦੇ ਨੇੜੇ ਸਥਿਤ ਨਾਜਾਇਜ਼ ਫੈਕਟਰੀ ’ਚੋਂ ਵੱਡੀ ਮਾਤਰਾ ਵਿੱਚ ਮਾਸ ਬਰਾਮਦ ਕੀਤਾ ਹੈ।
ਪੁਲੀਸ ਨੇ ਮੌਕੇ ਤੋਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਮੁੱਖ ਮੁਲਜ਼ਮ ਦੀ ਪਛਾਣ ਮੇਰਠ ਦੇ ਮੁਹੰਮਦ ਇਮਰਾਨ ਵਜੋਂ ਹੋਈ ਹੈ ਅਤੇ ਉਹ ਫ਼ਰਾਰ ਹੋ ਗਿਆ। ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਸੀਮ ਅੰਸਾਰੀ ਉਰਫ਼ ਬਿੱਟੂ ਅੰਸਾਰੀ, ਸ਼ਾਨੂ, ਇਮਰਾਨ, ਹਸੀਨ ਮੁਹੰਮਦ ਅਤੇ ਮੁਹੰਮਦ ਇਮਰਾਨ ਵਜੋਂ ਹੋਈ ਹੈ। ਸਾਰੇ ਮੁਲਜ਼ਮ ਉੱਤਰ ਪ੍ਰਦੇਸ਼ ਦੇ ਹਨ। ਪੁਲੀਸ ਅਧਿਕਾਰੀਆ ਨੇ ਕਿਹਾ ਕਿ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੁਲੀਸ ਨੇ ਗਊ ਰਕਸ਼ਾ ਦਲ ਦੀ ਸੂਚਨਾ ’ਤੇ ਕਾਰਵਾਈ ਕਰਦੇ ਹੋਏ 1650 ਕਿਲੋਗ੍ਰਾਮ ਕਥਿਤ ਗਊ ਮਾਸ ਦੇ ਨਾਲ-ਨਾਲ 6000 ਡੱਬੇ ਅਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ। ਇਸ ’ਤੇ ਹਲਾਲ ਮੀਟ ਲਿਖਿਆ ਹੋਇਆ ਸੀ। ਬਕਸਿਆਂ ’ਤੇ ਆਂਧਰਾ ਪ੍ਰਦੇਸ਼ ਵਿੱਚ ਬਣੇ ਹੋਣ ਦਾ ਸਟਿੱਕਰ ਵੀ ਹੈ। ਦਲ ਦੇ ਕੌਮੀ ਪ੍ਰਧਾਨ ਅਤੇ ਪਟਿਆਲਾ ਵਾਸੀ ਸਤੀਸ਼ ਕੁਮਾਰ ਅਤੇ ਸਥਾਨਕ ਨੇਤਾ ਨੂੰ ਤਰਨ ਤਾਰਨ ਰੋਡ ’ਤੇ ਗ਼ੈਰ-ਕਾਨੂੰਨੀ ਕਥਿਤ ਗਊ ਹੱਤਿਆ ਫੈਕਟਰੀ ਬਾਰੇ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਗਊ ਹੱਤਿਆ ਲਈ ਵਰਤੇ ਗਏ ਤੇਜ਼ਧਾਰ ਹਥਿਆਰ ਵੀ ਮਿਲੇ ਹਨ। ਡੀਐੱਸਪੀ ਲਖਬੀਰ ਸਿੰਘ ਨੇ ਕਿਹਾ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਮਾਸ ਦੇ ਨਮੂਨੇ ਲਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗਊ ਮਾਸ ਸੀ ਜਾਂ ਕੋਈ ਹੋਰ ਮਾਸ। ਮੌਕੇ ਤੋਂ ਬਰਾਮਦ ਹੋਏ ਡੱਬਿਆਂ ’ਤੇ ਇਸ ਨੂੰ ਮੱਝ ਦਾ ਮਾਸ ਲਿਖਿਆ ਹੋਇਆ ਹੈ।