ਪੰਜਗਰਾਈਂ ਤੋਂ ਮਣੀਮਹੇਸ਼ ਗਏ 15 ਨੌਜਵਾਨ ਲਾਪਤਾ
ਇੱਥੋਂ ਨੇੜਲੇ ਪਿੰਡ ਪੰਜਗਰਾਈਂ ਕਲਾਂ ਤੋਂ ਪੰਜ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਮਣੀਮਹੇਸ਼ ਯਾਤਰਾ ’ਤੇ ਗਏ 15 ਨੌਜਵਾਨ ਲਾਪਤਾ ਹੋ ਗਏ ਹਨ। ਇਸ ਕਾਰਨ ਫ਼ਿਕਰਮੰਦ ਪਰਿਵਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਸਣੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਿਮਾਚਲ ਸਰਕਾਰ ਨਾਲ ਸੰਪਰਕ ਕਰ ਕੇ ਲਾਪਤਾ ਨੌਜਵਾਨਾਂ ਦੀ ਭਾਲ ਕੀਤੀ ਜਾਵੇ। ਜਾਣਕਾਰੀ ਅਨੁਸਾਰ ਪਿੰਡ ਪੰਜਗਰਾਈਂ ਕਲਾਂ ਦੀ ਮਿਰਜ਼ਾ ਪੱਤੀ ਨਾਲ ਸਬੰਧਤ ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਮਣੀਮਹੇਸ਼ ਦੇ ਦਰਸ਼ਨਾਂ ਲਈ ਗਏ ਸਨ। ਉੱਥੇ ਮੌਸਮ ਖ਼ਰਾਬ ਹੋਣ ਤੋਂ ਬਾਅਦ ਪੰਜ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਦਾ ਪਰਿਵਾਰ ਨਾਲੋਂ ਸੰਪਰਕ ਟੁੱਟ ਗਿਆ ਸੀ। ਜ਼ਿਕਰਯੋਗ ਹੈ ਕਿ 15 ਜਣਿਆਂ ਦੇ ਇਸ ਜਥੇ ਵਿੱਚ ਨੌਂ ਸਾਲਾ ਬੱਚਾ ਵੀ ਸ਼ਾਮਲ ਹੈ।
ਪਿੰਡ ਵਾਸੀ ਤੇ ਭਾਜਪਾ ਆਗੂ ਜਸਪਾਲ ਸਿੰਘ ਨੇ ਦੱਸਿਆ ਕਿ ਹਿਮਾਚਲ ਵਿੱਚ ਮੌਸਮ ਬੇਹੱਦ ਖ਼ਰਾਬ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ, ਹਿਮਾਚਲ ਪ੍ਰਦੇਸ਼ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਜਲਦ ਪਤਾ ਲਗਾਇਆ ਜਾਵੇ। ਲਾਪਤਾ ਨੌਜਵਾਨ ਦੀ ਪਰਿਵਾਰਕ ਮੈਂਬਰ ਸਪਨਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਹਰ ਸਾਲ ਹੀ ਮੋਟਰਸਾਈਕਲਾਂ ’ਤੇ ਮਨੀਮਹੇਸ਼ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਇਹ ਨੌਜਵਾਨ 20 ਅਗਸਤ ਨੂੰ ਯਾਤਰਾ ’ਤੇ ਗਏ ਸਨ। ਉਨ੍ਹਾਂ ਨਾਲ ਐਤਵਾਰ ਨੂੰ ਆਖ਼ਰੀ ਵਾਰ ਗੱਲਬਾਤ ਹੋਈ ਸੀ। ਇਸ ਦੌਰਾਨ ਨੌਜਵਾਨਾਂ ਨੇ ਦੱਸਿਆ ਸੀ ਕਿ ਉਹ ਪਹਾੜ ’ਤੇ ਪਹੁੰਚ ਚੁੱਕੇ ਹਨ, ਉਸ ਤੋਂ ਬਾਅਦ ਉਨ੍ਹਾਂ ਨਾਲ ਕੋਈ ਸੰਪਰਕ ਨਹੀਂ ਹੋਇਆ।