ਮੰਡੀਆਂ ’ਚ 144 ਲੱਖ ਟਨ ਝੋਨੇ ਦੀ ਆਮਦ, 95 ਫ਼ੀਸਦੀ ਦੀ ਖਰੀਦ
ਪੰਜਾਬ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਹੋਣ ਤੋਂ ਪੌਣੇ ਦੋ ਮਹੀਨਿਆਂ ਬਾਅਦ ਮੰਡੀਆਂ ਵਿੱਚ 150 ਲੱਖ ਟਨ ਦੇ ਕਰੀਬ ਝੋਨੇ ਦੀ ਆਮਦ ਹੋ ਚੁੱਕੀ ਹੈ। ਸ਼ੁੱਕਰਵਾਰ ਤੱਕ ਪੰਜਾਬ ਦੀਆਂ ਮੰਡੀਆਂ ਵਿੱਚ 144.75 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ’ਚੋਂ 95 ਫ਼ੀਸਦੀ ਤੋਂ ਵੱਧ 141.99 ਲੱਖ ਟਨ ਝੋਨਾ ਖ਼ਰੀਦਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ ਮੰਡੀਆਂ ਵਿੱਚੋਂ 90 ਫ਼ੀਸਦੀ ਦੇ ਕਰੀਬ ਝੋਨੇ ਦੀ ਚੁਕਾਈ ਵੀ ਹੋ ਚੁੱਕੀ ਹੈ।
ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਲਈ ਸੰਗਰੂਰ, ਪਟਿਆਲਾ ਅਤੇ ਬਠਿੰਡਾ ਜ਼ਿਲ੍ਹੇ ਸਭ ਤੋਂ ਮੋਹਰੀ ਰਹੇ ਹਨ। ਸੰਗਰੂਰ ਵਿੱਚ ਸਭ ਤੋਂ ਵੱਧ 12.06 ਲੱਖ ਟਨ, ਪਟਿਆਲਾ ਵਿੱਚ 11.03 ਲੱਖ ਟਨ ਅਤੇ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ’ਚੋਂ 10.68 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 3.03 ਲੱਖ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਬਰਨਾਲਾ ਵਿੱਚ 5.86 ਲੱਖ ਟਨ, ਫ਼ਰੀਦਕੋਟ ਵਿੱਚ 5.73 ਲੱਖ ਟਨ, ਫ਼ਤਹਿਗੜ੍ਹ ਸਾਹਿਬ ਵਿੱਚ 3.44 ਲੱਖ ਟਨ, ਫ਼ਾਜ਼ਿਲਕਾ ਵਿੱਚ 2.30 ਲੱਖ ਟਨ, ਫ਼ਿਰੋਜ਼ਪੁਰ ਵਿੱਚ 10.05 ਲੱਖ ਟਨ, ਗੁਰਦਾਸਪੁਰ ਵਿੱਚ 6.53 ਲੱਖ ਟਨ, ਹੁਸ਼ਿਆਰਪੁਰ ਵਿੱਚ 3.20 ਲੱਖ ਟਨ, ਜਲੰਧਰ ਵਿੱਚ 7.90 ਲੱਖ ਟਨ, ਕਪੂਰਥਲਾ ਵਿੱਚ 6.53 ਲੱਖ ਟਨ, ਲੁਧਿਆਣਾ ਪੱਛਮੀ ਵਿੱਚ 5.51 ਲੱਖ ਟਨ, ਲੁਧਿਆਣਾ ਦੱਖਣੀ ਵਿੱਚ 6.23 ਲੱਖ ਟਨ, ਮਾਲੇਰਕੋਟਲਾ ਵਿੱਚ 3.02 ਲੱਖ ਟਨ, ਮਾਨਸਾ ਵਿੱਚ 6.15 ਲੱਖ ਟਨ, ਮੋਗਾ ਵਿੱਚ 9.43 ਲੱਖ ਟਨ, ਮੁਕਤਸਰ ਸਾਹਿਬ ਵਿੱਚ 7.19 ਲੱਖ ਟਨ, ਰੋਪੜ ਵਿੱਚ 1.44 ਲੱਖ ਟਨ, ਮੁਹਾਲੀ ਵਿੱਚ 1.74 ਲੱਖ ਟਨ, ਨਵਾਂ ਸ਼ਹਿਰ ਵਿੱਚ 2.87 ਲੱਖ ਟਨ ਅਤੇ ਤਰਨ ਤਾਰਨ ਵਿੱਚ 9.11 ਲੱਖ ਟਨ ਝੋਨੇ ਦੀ ਖ਼ਰੀਦ ਹੋਈ ਹੈ।
ਪੰਜਾਬ ਦੇ ਖੇਤਾਂ ਵਿੱਚ ਝੋਨੇ ਦੀ ਵਾਢੀ ਦਾ ਕੰਮ ਆਖ਼ਰੀ ਪੜਾਅ ਵਿੱਚ ਹੈ ਅਤੇ ਕਿਸਾਨ ਛੇਤੀ ਤੋਂ ਛੇਤੀ ਆਪਣੀ ਫ਼ਸਲ ਮੰਡੀਆਂ ਵਿੱਚ ਵੇਚ ਰਹੇ ਹਨ। ਇਸ ਵਾਰ ਪੰਜਾਬ ਵਿੱਚ ਝੋਨੇ ਦੀ ਬਿਜਾਈ ਪਹਿਲੀ ਜੂਨ ਤੋਂ ਸ਼ੁਰੂ ਹੋਣ ਕਰ ਕੇ ਫ਼ਸਲ ਜਲਦੀ ਪੱਕ ਗਈ ਸੀ, ਜਿਸ ਕਰ ਕੇ ਸਰਕਾਰ ਨੇ ਵੀ ਖ਼ਰੀਦ 16 ਸਤੰਬਰ ਤੋਂ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਸੂਬਾ ਸਰਕਾਰ ਨੇ 175 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਮਿੱਥਿਆ ਸੀ, ਜਿਸ ਨੂੰ ਬਾਅਦ ਵਿੱਚ ਘਟਾ ਕੇ 165 ਲੱਖ ਟਨ ਕਰ ਦਿੱਤਾ ਗਿਆ ਸੀ। ਪਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਵੀ ਸਰਕਾਰ 165 ਲੱਖ ਟਨ ਝੋਨੇ ਦੀ ਖ਼ਰੀਦ ਦਾ ਟੀਚਾ ਪੂਰਾ ਕਰਨ ਵਿੱਚ ਨਾਕਾਮ ਰਹੇਗੀ। ਹੜ੍ਹਾਂ ਕਾਰਨ ਸੂਬੇ ਵਿੱਚ ਪੰਜ ਲੱਖ ਏਕੜ ਦੇ ਕਰੀਬ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ।
