114 ਸਾਲਾ ਫ਼ੌਜਾ ਸਿੰਘ ਦੀ ਸੜਕ ਹਾਦਸੇ ’ਚ ਮੌਤ
ਹਤਿੰਦਰ ਮਹਿਤਾ
ਜਲੰਧਰ, 14 ਜੁਲਾਈ
ਮੈਰਾਥਨ ਦੌੜਾਕ ਫ਼ੌਜਾ ਸਿੰਘ ਦੀ ਅੱਜ ਦੇਰ ਸ਼ਾਮ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 114 ਸਾਲ ਦੇ ਸਨ। ਜਦੋਂ ਉਹ ਘਰ ਤੋਂ ਬਾਹਰ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਜਨਮ ਜਲੰਧਰ ਜ਼ਿਲ੍ਹੇ ਦੇ ਬਿਆਸ ਪਿੰਡ ’ਚ ਪਹਿਲੀ ਅਪਰੈਲ 1911 ਨੂੰ ਹੋਇਆ ਸੀ। ਫੌਜਾ ਸਿੰਘ ਪੜ੍ਹੇ-ਲਿਖੇ ਨਹੀਂ ਹਨ ਅਤੇ ਪੰਜਾਬੀ ਬੋਲਣੀ ਜਾਣਦੇ ਹਨ ਪਰ ਪੜ੍ਹਨੀ ਨਹੀਂ। ਜਵਾਨ ਹੋਣ ’ਤੇ ਉਨ੍ਹਾਂ ’ਚ ਦੌੜਨ ਦਾ ਸ਼ੌਕ ਪੈਦਾ ਹੋ ਗਿਆ। ਉਹ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਕਾਫ਼ੀ ਦੁਖੀ ਹੋਏ। ਉਹ 16 ਅਕਤੂਬਰ 2011 ਨੂੰ ਟੋਰਾਂਟੋ ਮੈਰਾਥਨ 8 ਘੰਟੇ 11 ਮਿੰਟ ਤੇ 6 ਸਕਿੰਟ ਵਿੱਚ ਪੂਰੀ ਕਰਕੇ ਵਿਸ਼ਵ ਦੇ ਪਹਿਲੇ 100 ਸਾਲਾ ਬਜ਼ੁਰਗ ਦੌੜਾਕ ਬਣੇ ਸਨ। ਹਾਲਾਂਕਿ, ਜਨਮ ਸਰਟੀਫਿਕੇਟ ਨਾ ਹੋਣ ਕਾਰਨ ਉਨ੍ਹਾਂ ਦਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਨਹੀਂ ਹੋ ਸਕਿਆ। ਬਾਅਦ ਵਿੱਚ ਉਨ੍ਹਾਂ ਨੇ ਆਪਣਾ ਬ੍ਰਿਟਿਸ਼ ਪਾਸਪੋਰਟ ਅਤੇ ਮਹਾਰਾਣੀ ਐਲਿਜ਼ਬੈੱਥ ਵਲੋਂ 100ਵੇਂ ਜਨਮ ਦਿਨ ’ਤੇ ਭੇਜੀ ਚਿੱਠੀ ਦਿਖਾਈ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ। ਫੌਜਾ ਸਿੰਘ ਨੇ ਸਾਲ 2000 ਵਿਚ 89 ਸਾਲ ਦੀ ਉਮਰ ਵਿੱਚ ਲੰਡਨ ਮੈਰਾਥਨ ਤੋਂ ਦੌੜਨ ਦੀ ਸ਼ੁਰੂਆਤ ਕੀਤੀ ਸੀ। ਸਾਲ 2003 ਵਿੱਚ 92 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 90 ਸਾਲਾਂ ਤੋਂ ਵੱਧ ਉਮਰ ਦੇ ਬਾਬਿਆਂ ਦੀ ਦੌੜ ’ਚ ਹਿੱਸਾ ਲਿਆ ਅਤੇ 5 ਘੰਟੇ 40 ਮਿੰਟਾਂ ਦਾ ਵਿਸ਼ਵ ਰਿਕਾਰਡ ਬਣਾਇਆ। ਇਸ ਮਗਰੋਂ ਸਾਲ 2003 ’ਚ ਲੰਡਨ ਮੈਰਾਥਨ ਉਨ੍ਹਾਂ ਨੇ 6 ਘੰਟੇ 2 ਮਿੰਟ ਵਿੱਚ ਪੂਰੀ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਮੈਰਾਥਨ ਵਿੱਚ ਹਿੱਸਾ ਲੈਣਾ ਜਾਰੀ ਰੱਖਿਆ ਅਤੇ 2012 ਤਕ ਉਨ੍ਹਾਂ ਨੇ ਲੰਡਨ ਦੀਆਂ ਛੇ ਮੈਰਾਥਨਜ਼ ਵਿੱਚ ਹਿੱਸਾ ਲਿਆ। ਉਨ੍ਹਾਂ ਦੀਆਂ ਮੈਰਾਥਨਜ਼ ਦੇ ਖੇਤਰ ’ਚ ਪ੍ਰਾਪਤੀਆਂ ਦੀ ਬਦੌਲਤ 13 ਨਵੰਬਰ 2003 ਨੂੰ ਅਮਰੀਕਾ ਦੇ ਗਰੁੱਪ ਨੈਸ਼ਨਲ ਐਥਨਿਕ ਕੋਲੀਸ਼ਨ ਨੇ ‘ਏਲਿਸ ਆਈਲੈਂਡ ਮੈਡਲ ਆਫ ਆਨਰ’ ਨਾਲ ਸਨਮਾਨਿਤ ਕੀਤਾ ਸੀ। ਇਸ ਗਰੁੱਪ ਦੇ ਚੇਅਰਮੈਨ ਵਿਲੀਅਮ ਫੁਗਾਜ਼ੀ ਨੇ ਵੀ ਫੌਜਾ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਹਨ। ਇਸ ਤੋਂ ਬਾਅਦ ਬਰਤਾਨੀਆ ਦੇ ਇੱਕ ਸੰਗਠਨ ਵਲੋਂ ਉਨ੍ਹਾਂ ਨੂੰ ‘ਪ੍ਰਾਈਡ ਆਫ ਇੰਡੀਆ’ ਦਾ ਖ਼ਿਤਾਬ ਦਿੱਤਾ ਗਿਆ। ਉਧਰ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਜ਼ੁਰਗ ਦੌੜਾਕ ਫ਼ੌਜਾ ਸਿੰਘ ਦੇ ਸਦੀਵੀ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।