ਲੁਧਿਆਣਾ ’ਚ ਸਤਲੁਜ ਕੰਢੇ 1000 ਏਕੜ ਜ਼ਮੀਨ ਪਾਣੀ ’ਚ ਡੁੱਬੀ, ਕਿਸਾਨ ਫ਼ਸਲਾਂ ਦੇ ਹੋਏ ਨੁਕਸਾਨ ਤੋਂ ਦੁਖੀ
ਪੰਜਾਬ ਦੇ ਕਿਸਾਨਾਂ ਲਈ ਮੌਸਮ ਜੀਵਨ ਰੇਖਾ ਅਤੇ ਖ਼ਤਰਾ ਦੋਵੇਂ ਹੈ। ਮੌਸਮ ਵਿੱਚ ਤੇਜ਼ ਗਰਮੀ ਜਿੱਥੇ ਕਣਕ ਦੇ ਦਾਣਿਆਂ ਨੂੰ ਸੁਕਾ ਦਿੰਦੀ ਹੈ, ਉਥੇ ਦੂਜੇ ਮੌਸਮ ਵਿੱਚ ਲਗਾਤਾਰ ਮੀਂਹ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੰਦਾ ਹੈ। ਲੁਧਿਆਣਾ ਭਾਵੇਂ ਹੜ੍ਹ ਦੇ ਕਹਿਰ ਤੋਂ ਬਚ ਗਿਆ ਸੀ ਪਰ ਸਤਲੁਜ ਦਰਿਆ ਕੰਢੇ ਤੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਇਸ ਦਾ ਵੱਡਾ ਨੁਕਸਾਨ ਝੱਲਣਾ ਪਿਆ ਅਤੇ 1000 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ। ਝੋਨੇ ਦੀਆਂ ਫ਼ਸਲਾਂ ਹੜ੍ਹ ਦੇ ਪਾਣੀ ਹੇਠ ਡੁੱਬ ਗਈਆਂ ਹਨ, ਜਿਸ ਨਾਲ ਮਹੀਨਿਆਂ ਦੀ ਮਿਹਨਤ ਅਤੇ ਨਿਵੇਸ਼ ਬਰਬਾਦ ਹੋ ਗਿਆ ਹੈ।
ਮਾਛੀਵਾੜਾ ਵਿੱਚ ਕਿਸਾਨ ਹਰਭਜਨ ਸਿੰਘ ਪਾਣੀ ਵਿੱਚ ਗਿੱਟੇ-ਗਿੱਟੇ ਖੜ੍ਹਾ ਆਪਣੇ ਬਰਬਾਦ ਹੋਏ ਖੇਤ ਵੱਲ ਦੇਖ ਰਿਹਾ ਸੀ। ਉਸ ਨੇ ਕਿਹਾ, ‘‘ਅਸੀਂ ਉਮੀਦ ਨਾਲ ਬੀਜਦੇ ਹਾਂ, ਪਰ ਕੁਦਰਤ ਨੇ ਕੁਝ ਹੋਰ ਹੀ ਸੋਚ ਰੱਖਿਆ। ਮੇਰੀ ਪੂਰੀ ਝੋਨੇ ਦੀ ਫਸਲ ਖਤਮ ਹੋ ਗਈ ਹੈ। ਮੈਨੂੰ ਨਹੀਂ ਪਤਾ ਕਿ ਮੈਂ ਇਸ ਸਾਲ ਕਰਜ਼ਾ ਕਿਵੇਂ ਚੁਕਾਵਾਂਗਾ।’’
ਸਿੱਧਵਾਂ ਬੇਟ ਵਿੱਚ ਵੀ ਹਾਲਾਤ ਓਨੇ ਹੀ ਗੰਭੀਰ ਹਨ, ਜਿੱਥੇ ਕਿਸਾਨ ਗੁਰਪ੍ਰੀਤ ਕੌਰ ਨੇ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ, ‘‘ਅਸੀਂ ਆਪਣੀ ਸਾਲਾਨਾ ਆਮਦਨ ਲਈ ਇਸ ਫਸਲ ’ਤੇ ਨਿਰਭਰ ਕਰਦੇ ਹਾਂ। ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਅਸੀਂ ਆਪਣੇ ਸੰਦਾਂ ਨੂੰ ਵੀ ਨਹੀਂ ਬਚਾ ਸਕੇ। ਇਹ ਸਿਰਫ਼ ਫਸਲ ਹੀ ਨਹੀਂ, ਇਹ ਸਾਡੀ ਰੋਜ਼ੀ-ਰੋਟੀ ਹੈ।’’
ਖੇਤੀਬਾੜੀ ਵਿਭਾਗ ਅਨੁਸਾਰ ਸਤਲੁਜ ਦਰਿਆ ਨਾਲ ਲਗਦੇ ਕਰੀਬ 1,000 ਏਕੜ ਖੇਤ ਤਬਾਹ ਹੋ ਗਏ ਹਨ। ਮੁੱਖ ਤੌਰ ’ਤੇ ਸਿੱਧਵਾਂ ਬੇਟ, ਮਾਛੀਵਾੜਾ ਅਤੇ ਮਾਂਗਟ ਦੇ ਬਲਾਕਾਂ ਵਿੱਚ ਵੱਡਾ ਨੁਕਸਾਨ ਹੋਇਆ ਹੈ। ਮੁੱਖ ਖੇਤੀਬਾੜੀ ਅਧਿਕਾਰੀ ਗੁਰਦੀਪ ਸਿੰਘ ਨੇ ਪੁਸ਼ਟੀ ਕੀਤੀ ਕਿ ਨੁਕਸਾਨ ਦਰਿਆ ਦੇ ਤਲ ’ਤੇ ਸਥਿਤ ਖੇਤਾਂ ਤੱਕ ਸੀਮਤ ਹੈ। ਉਨ੍ਹਾਂ ਕਿਹਾ, ‘‘ਬਾਕੀ ਜ਼ਿਲ੍ਹਾ ਸੁਰੱਖਿਅਤ ਹੈ। ਪ੍ਰਭਾਵਿਤ ਖੇਤਰ ਨੀਵੇਂ ਅਤੇ ਦਰਿਆ ਦੇ ਕੁਦਰਤੀ ਹੜ੍ਹ ਖੇਤਰ ਦੇ ਅੰਦਰ ਹਨ।’’
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਦੇ ਮਾਹਿਰਾਂ ਨੇ ਹੋਰ ਨੁਕਸਾਨ ਨੂੰ ਘੱਟ ਤੋਂ ਘੱਟ ਕਰਨ ਲਈ ਜ਼ਰੂਰੀ ਐਡਵਾਈਜ਼ਰੀ ਜਾਰੀ ਕੀਤੀ ਹੈ। ਉਨ੍ਹਾਂ ਜੜ੍ਹਾਂ ਦਾ ਦਮ ਘੁੱਟਣ ਤੋਂ ਰੋਕਣ ਲਈ ਸਤਹਿ ਨਾਲੀਆਂ ਜਾਂ ਪੰਪਿੰਗ ਸੈੱਟਾਂ ਦੀ ਵਰਤੋਂ ਕਰਕੇ ਵਾਧੂ ਪਾਣੀ ਕੱਢਣ ਦੀ ਸਿਫਾਰਸ਼ ਕੀਤੀ ਹੈ। ਕਿਸਾਨਾਂ ਨੂੰ ਇਹ ਸਲਾਹ ਵੀ ਦਿੱਤੀ ਗਈ ਹੈ ਕਿ ਉਹ ਪਾਣੀ ਦੇ ਵਹਾਅ ਨੂੰ ਸੁਚਾਰੂ ਬਣਾਉਣ ਲਈ ਬੰਨ੍ਹ ਦੇ ਮੋੜਾਂ ਖੋਲ੍ਹਣ ਅਤੇ ਪਾਣੀ ਦੀ ਸੁਚਾਰੂ ਆਵਾਜਾਈ ਲਈ ਖੇਤਾਂ ਦੇ ਖਾਲਾਂ ਨੂੰ ਸਾਫ਼ ਕਰਨ।
ਮਾਹਿਰਾਂ ਨੇ ਚੌਲ ਅਤੇ ਬਾਸਮਤੀ ਉਤਪਾਦਕਾਂ ਲਈ, ਪੀਏਯੂ ਨਾਈਟ੍ਰੋਜਨ ਦੀ ਘਾਟ ਨੂੰ ਪੂਰਾ ਕਰਨ ਲਈ 3% ਯੂਰੀਆ ਘੋਲ ਅਤੇ ਖਰਾਬੇ ਨੂੰ ਘਟਾਉਣ ਲਈ ਬੂਟ ਪੜਾਅ ’ਤੇ 1.5 ਫੀਸਦ ਪੋਟਾਸ਼ੀਅਮ ਨਾਈਟ੍ਰੇਟ ਦੇ ਪੱਤਿਆਂ ’ਤੇ ਸਪਰੇਅ ਦਾ ਸੁਝਾਅ ਦਿੱਤਾ ਹੈ। ਮੌਜੂਦਾ ਮੌਸਮ ਵਿਚ ਫੰਗਲ ਇਨਫੈਕਸ਼ਨਾਂ ਦੇ ਡਰੋਂ ਕਿਸਾਨਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਉਹ ਕਾਪਰ ਹਾਈਡ੍ਰੋਕਸਾਈਡ (ਕੋਸਾਈਡ 46 ਡੀਐਫ) ਦਾ ਛਿੜਕਾਅ ਕਰਨ ਅਤੇ ਫਿਰ 10-15 ਦਿਨਾਂ ਬਾਅਦ ਗੈਲੀਲੀਓ ਵੇਅ ਫੰਗਸਾਈਡ ਦਾ ਛਿੜਕਾਅ ਕਰਨ। ਫਾਰਮੂਲੇ ਦੇ ਆਧਾਰ 'ਤੇ, ਜ਼ਿੰਕ ਦੀ ਘਾਟ ਨੂੰ 0.5% ਜਾਂ 0.3% ਜ਼ਿੰਕ ਸਲਫੇਟ ਸਪਰੇਅ ਨਾਲ ਇਲਾਜ ਕੀਤਾ ਜਾਣਾ ਚਾਹੀਦਾ ਹੈ।
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ, ‘‘ਆਪਣੇ ਖੇਤ ਡੁੱਬਣ ਅਤੇ ਭਵਿੱਖ ਬੇਯਕੀਨੀ ਕਰਕੇ ਬਹੁਤ ਸਾਰੇ ਲੋਕ ਫੌਰੀ ਸਰਕਾਰੀ ਮੁਆਵਜ਼ੇ ਦੀ ਉਮੀਦ ਕਰ ਰਹੇ ਹਨ। ਇੱਕ ਵਾਰ ਸਥਿਤੀ ਆਮ ਹੋਣ ’ਤੇ, ਅਸੀਂ ਪ੍ਰਭਾਵਿਤ ਕਿਸਾਨਾਂ ਨੂੰ ਮਿਲਣ ਅਤੇ ਅਗਲੀ ਫਸਲ ਲਈ ਮਜ਼ਦੂਰੀ, ਖਾਦ ਅਤੇ ਬੀਜ ਪ੍ਰਾਪਤ ਕਰਨ ਦੇ ਰੂਪ ਵਿੱਚ ਸਹਾਇਤਾ ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ। ਕਿਸਾਨਾਂ ਦੀ ਇਹੀ ਫ਼ਸਲ ਖ਼ਰਾਬ ਨਹੀਂ ਹੋਈ ਬਲਕਿ ਅਗਲੀ ਫਸਲ ਲਈ ਬੀਜ ਜੋ ਉਨ੍ਹਾਂ ਦੇ ਘਰਾਂ ਵਿੱਚ ਸਟੋਰ ਕੀਤਾ ਹੋਇਆ ਸੀ, ਵੀ ਨੁਕਸਾਨਿਆ ਗਿਆ ਹੈ।’’