ਯੁਵਕ ਮੇਲਾ: ਖ਼ਾਲਸਾ ਕਾਲਜ ਪਟਿਆਲਾ ਨੂੰ ਓਵਰਆਲ ਟਰਾਫੀ
ਪੰਜਾਬੀ ਯੂਨੀਵਰਸਿਟੀ ਦਾ ਚਾਰ ਰੋਜ਼ਾ ਅੰਤਰ ਖੇਤਰੀ ਯੁਵਕ ਅਤੇ ਲੋਕ ਮੇਲਾ ਸਫ਼ਲਤਾਪੂਰਵਕ ਸਮਾਪਤ ਹੋ ਗਿਆ। ਲੋਕ ਗਾਇਕ ਤੇ ਫਿਲਮੀ ਅਦਾਕਾਰ ਕਰਮਜੀਤ ਅਨਮੋਲ ਨੇ ਆਪਣੇ ਪ੍ਰਸਿੱਧ ਗਾਣਿਆਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਜੇਤੂ ਟੀਮਾਂ ਨੂੰ ਤਗ਼ਮੇ ਅਤੇ ਟਰਾਫੀਆਂ ਵੰਡੀਆਂ। ਇਸ ਮੌਕੇ ਡਾ ਸੁਖਜੀਤ ਕੌਰ ਸਿੱਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਦੀ ਦੇਖ-ਰੇਖ ਹੇਠ ਹੋਏ ਮੇਲੇ ਦੌਰਾਨ ਓਵਰਆਲ ਟਰਾਫੀ ਖ਼ਾਲਸਾ ਕਾਲਜ ਪਟਿਆਲਾ ਨੇ ਜਿੱਤੀ। ਗੁਰੂ ਨਾਨਕ ਕਾਲਜ ਬੁਢਲਾਡਾ ਨੇ ਦੂਜਾ ਸਥਾਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਨੇ ਤੀਜਾ ਸਥਾਨ ਹਾਸਲ ਕੀਤਾ। ਜਦਕਿ ਸੰਗੀਤ ਖੇਤਰ, ਨ੍ਰਿਤ ਖੇਤਰ ਅਤੇ ਸਾਹਿਤਿਕ ਕਲਾਵਾਂ ਦੇ ਖੇਤਰ ’ਤੇ ਆਧਾਰਿਤ ਤਿੰਨ ਓਵਰਆਲ ਟਰਾਫੀਆਂ ਵੀ ਖ਼ਾਲਸਾ ਕਾਲਜ ਪਟਿਆਲਾ ਦੇ ਹਿੱਸੇ ਆਈਆਂ। ਕਾਲਜ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਅਤੇ ਇਨ੍ਹਾਂ ਟੀਮਾਂ ਨੂੰ ਵਧਾਈ ਦਿੱਤੀ ਗਈ।
ਥੀਏਟਰ ਦੇ ਖੇਤਰ ਦੀ ਓਵਰਆਲ ਟਰਾਫੀ ਸਰਕਾਰੀ ਕਾਲਜ ਰੋਪੜ ਅਤੇ ਲੋਕ ਕਲਾਵਾਂ ਦੇ ਖੇਤਰ ਦੀ ਓਵਰਆਲ ਟਰਾਫੀ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਜਿੱਤੀ। ਫਾਈਨ ਆਰਟਸ ਦੀ ਓਵਰਆਲ ਟਰਾਫੀ ਗੁਰੂ ਨਾਨਕ ਕਾਲਜ ਬੁਢਲਾਡਾ ਅਤੇ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਸਾਂਝੇ ਤੌਰ ’ਤੇ ਜਿੱਤੀ।
ਭੰਗੜੇ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਅਤੇ ਦੂਜਾ ਸਥਾਨ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਨੇ ਪ੍ਰਾਪਤ ਕੀਤਾ। ਗਿੱਧੇ ਵਿੱਚ ਪਹਿਲਾ ਸਥਾਨ ਰਿਪੁਦਮਨ ਕਾਲਜ ਨਾਭਾ ਦੇ ਹਿੱਸੇ ਆਇਆ, ਜਦਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਨੰਦਪੁਰ ਸਾਹਿਬ ਦਾ ਵਿਦਿਆਰਥੀ ਰਾਜ ਕਰਨ ਭੰਗੜੇ ਵਿੱਚ ਅਤੇ ਡੀ ਏ ਵੀ ਕਾਲਜ ਬਠਿੰਡਾ ਦੀ ਪਰਨੀਤ ਕੌਰ ਗਿੱਧੇ ’ਚ ‘ਬੈਸਟ ਡਾਂਸਰ’ ਚੁਣੀ ਗਈ। ਇਸ ਵਾਰ ‘ਬੈਸਟ ਡਾਂਸਰ’ ਦੀ ਟਰਾਫੀ ਪਿਛਲੇ ਦਿਨੀਂ ਵਿਛੜੀ ਯੁਵਕ ਭਲਾਈ ਵਿਭਾਗ ਦੀ ਕਰਮਚਾਰਨ ਮਰਹੂਮ ਸ਼ਮਸ਼ੇਰ ਚਹਿਲ ਅਤੇ ਭੰਗੜੇ ਦੀ ‘ਬੈਸਟ ਡਾਂਸਰ’ ਦੀ ਟਰਾਫੀ ਕਈ ਸਾਲਾਂ ਤੱਕ ਭੰਗੜਾ ਕੋਚ ਰਹੇ ਮਰਹੂਮ ਤੇਜਿੰਦਰ ਚਹਿਲ ਦਲਾਲ ਨੂੰ ਸਮਰਪਿਤ ਕੀਤੀ ਗਈ।
ਮੇਲੇ ਦੇ ਆਖ਼ਰੀ ਦਿਨ ਗਿੱਧਾ, ਕਲਾਸੀਕਲ ਨ੍ਰਿਤ, ਲੰਮੀਆਂ ਹੇਕਾਂ ਵਾਲੇ ਗੀਤ, ਸ਼ਾਸ਼ਤਰੀ ਸੰਗੀਤ ਵਾਦਨ (ਤਾਲ), ਸ਼ਾਸ਼ਤਰੀ ਸੰਗੀਤ ਵਾਦਨ (ਸਵਰ), ਰਵਾਇਤੀ ਪਹਿਰਾਵਾ ਪ੍ਰਦਰਸ਼ਨੀ, ਕਲੀ ਗਾਇਣ, ਵਾਰ ਗਾਇਣ ਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ।
