ਜੀਵ ਤੇ ਵਾਤਾਵਰਨ ਵਿਗਿਆਨ ਵਿਭਾਗ ਵੱਲੋਂ ਵਰਕਸ਼ਾਪ
ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਨ ਵਿਗਿਆਨ ਵਿਭਾਗ ਵੱਲੋਂ ਜੀਵ ਵਿਗਿਆਨਕ ਅਤੇ ਵਾਤਾਵਰਨ ਸੁਸਾਇਟੀ ਦੇ ਸਹਿਯੋਗ ਨਾਲ ‘ਪੇਸ਼ੇਵਰ ਫੋਟੋਗ੍ਰਾਫੀ’ ਬਾਰੇ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੁੱਜੇ ਜੀਵ ਵਿਗਿਆਨੀ, ਅਧਿਆਪਕ ਅਤੇ ਜੰਗਲੀ ਜੀਵ ਫੋਟੋਗ੍ਰਾਫ਼ਰ ਡਾ. ਜੀਸੂ ਜਸਕੰਵਰ ਸਿੰਘ ਨੇ ਵਿਸ਼ਾ ਮਾਹਿਰ ਵਜੋਂ ਸ਼ਿਰਕਤ ਕੀਤੀ।
ਉਨ੍ਹਾਂ ਕੈਮਰੇ ਦੇ ਐਕਸਪੋਜ਼ਰ ਨੂੰ ਸਮਝਣ, ਐਪਰਚਰ, ਸ਼ਟਰ ਸਪੀਡ, ਆਈ ਐੱਸ ਓ, ਵੱਖ-ਵੱਖ ਲੈਂਜ਼ ਅਤੇ ਮੈਨੂਅਲ ਮੋਡ ਬਾਰੇ ਦੱਸਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਭਾਗ ਮੁਖੀ ਅਤੇ ਕਨਵੀਨਰ ਡਾ. ਉਂਕਾਰ ਸਿੰਘ ਬੜੈਚ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਵਿਦਿਆਰਥੀਆਂ ਨੂੰ ਵਰਕਸ਼ਾਪ ਦੌਰਾਨ ਫੋਟੋਗ੍ਰਾਫੀ ਦੀਆਂ ਬਾਰੀਕੀਆਂ ਸਿੱਖਣ ਦੀ ਲੋੜ ਬਾਰੇ ਪ੍ਰੇਰਿਆ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਫੋਟੋਗ੍ਰਾਫੀ ਵੱਲ ਉਤਸ਼ਾਹਿਤ ਕਰਨ ਲਈ ਫੋਟੋਗ੍ਰਾਫੀ ਮੁਕਾਬਲਾ ਵੀ ਕਰਵਾਇਆ ਜਾਵੇਗਾ। ਮੰਚ ਸੰਚਾਲਨ ਦਾ ਕਾਰਜ ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਡਾ. ਮੀਨਾਕਸ਼ੀ ਭਾਰਤੀ ਨੇ ਕੀਤਾ।
ਇਸ ਮੌਕੇ ਪ੍ਰੋ. ਹਿਮੇਂਦਰ ਭਾਰਤੀ ਵੀ ਮੌਜੂਦ ਰਹੇ। ਮਹਿਮਾਨ ਦੀ ਜਾਣ-ਪਛਾਣ ਡਾ. ਅਭਿਨਵ ਸਕਸੈਨਾ ਨੇ ਕਰਵਾਈ। ਧੰਨਵਾਦੀ ਸ਼ਬਦ ਡਾ. ਦਲਵੀਰ ਸਿੰਘ ਨੇ ਪੇਸ਼ ਕੀਤੇ।
