ਅਨਾਜ ਮੰਡੀ ਵਿੱਚ ਪਾਣੀ ਨਾ ਆਉਣ ਕਾਰਨ ਮਜ਼ਦੂਰ ਪ੍ਰੇਸ਼ਾਨ
ਮੁੱਖ ਅਨਾਜ ਮੰਡੀ ਸਮਾਣਾ ਵਿੱਚ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਮਜ਼ਦੂਰਾਂ, ਕਿਸਾਨਾਂ ਤੇ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਆਗੂ ਸੁਰਜੀਤ ਸਿੰਘ ਰੱਖੜਾ ਨੇ ਆਪਣੀ ਟੀਮ ਨਾਲ ਅਨਾਜ ਮੰਡੀ ਵਿੱਚ ਪਹੁੰਚ ਕੇ ਮਜ਼ਦੂਰਾਂ ਨੂੰ ਸ਼ਾਮ ਤੱਕ ਪਾਣੀ ਦੀ ਸਪਲਾਈ ਨਾ ਹੋਣ ’ਤੇ ਟੈਂਕਰਾਂ ਰਾਹੀਂ ਪਾਣੀ ਦੀ ਸਪਲਾਈ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ‘ਆਪ’ ਸਰਕਾਰ ਕਿਸਾਨਾਂ, ਮਜ਼ਦੂਰਾਂ ਨੂੰ ਜੀਰੀ ਦਾ ਸੀਜ਼ਨ ਭਰਵਾਂ ਹੋਣ ਦੇ ਬਾਵਜੂਦ ਮੁੱਢਲੀਆਂ ਸਹੂਲਤਾਂ ਦੇਣ ’ਚ ਫੇਲ੍ਹ ਹੈ। ਮਜ਼ਦੂਰਾਂ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਕਈ ਦਿਨਾਂ ਤੋਂ ਬੰਦ ਪਈ ਹੈ ਜਿਸ ਕਾਰਨ ਕਿਸਾਨਾਂ ਮਜ਼ਦੂਰਾਂ ਆੜ੍ਹਤੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਜ਼ਦੂਰਾਂ ਨੇ ਦੱਸਿਆ ਕਿ ਉਹ ਜਦੋਂ ਕਿਸੇ ਨਿੱਜੀ ਥਾਵਾਂ ਤੋਂ ਪਾਣੀ ਲੈਣ ਜਾਂਦੇ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਪਾਣੀ ਨਹੀਂ ਭਰਨ ਦਿੱਤਾ ਗਿਆ। ਇਸ ਮੌਕੇ ਵਪਾਰ ਵਿੰਗ ਦੇ ਸਕੱਤਰ ਕਪੂਰ ਚੰਦ ਬਾਂਸਲ, ਸੂਬਾ ਵਰਕਿੰਗ ਕਮੇਟੀ ਮੈਂਬਰ ਪ੍ਰਿੰਸੀਪਲ ਮੋਹਨ ਲਾਲ ਸ਼ਰਮਾ, ਸਹਿਰੀ ਪ੍ਰਧਾਨ ਮਨਜਿੰਦਰ ਰਾਣਾ ਸੇਖੋਂ, ਅਸ਼ੋਕ ਮੋਦਗਿਲ, ਜਗਤਾਰ ਸੰਧੂ, ਸੁਰਜੀਤ ਰਾਮ ਪੱਪੀ ਤੋਂ ਇਲਾਵਾ ਸੈਂਕੜੇ ਮਜ਼ਦੂਰ ਵੀ ਮੌਜੂਦ ਸਨ। ਇਸ ਸਬੰਧੀ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਮੋਟਰ ਸੜ ਗਈ ਸੀ। ਜਦੋਂ ਉਹ ਕੱਢ ਕੇ ਹੋਰ ਮੋਟਰ ਪਾਈ ਤਾਂ ਉਹ ਵੀ ਸ਼ਾਰਟ ਹੋ ਗਈ। ਐਤਵਾਰ ਦੁਪਹਿਰ ਸਮੇਂ ਨਵੀਂ ਮੋਟਰ ਪਾ ਕੇ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।