ਸੜਕਾਂ ’ਤੇ ਵਾਹਨ ਪਾਰਕ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਾਂਗੇ: ਮੇਅਰ
ਪਟਿਆਲਾ ਸ਼ਹਿਰ ਵਿੱਚ ਵਧ ਰਹੀ ਟਰੈਫ਼ਿਕ ਸਮੱਸਿਆ ਨਾਲ ਨਜਿੱਠਣ ਲਈ ਨਗਰ ਨਿਗਮ ਵੱਲੋਂ ਅਹਿਮ ਕਦਮ ਚੁੱਕੇ ਜਾ ਰਹੇ ਹਨ। ਇਸ ਬਾਰੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਹਸਪਤਾਲ, ਇੰਸਟੀਚਿਊਟ ਅਤੇ ਜਿਨ੍ਹਾਂ ਵੀ ਪ੍ਰਾਈਵੇਟ ਅਦਾਰਿਆਂ ਵੱਲੋਂ ਆਪਣੀਆਂ ਗੱਡੀਆਂ ਸੜਕਾਂ ’ਤੇ ਗ਼ਲਤ ਢੰਗ ਨਾਲ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ, ਉਹ ਟਰੈਫ਼ਿਕ ਜਾਮ ਦਾ ਮੁੱਖ ਕਾਰਨ ਬਣ ਰਹੀਆਂ ਹਨ। ਮੇਅਰ ਨੇ ਸਪੱਸ਼ਟ ਕੀਤਾ ਕਿ ਹੁਣ ਹਰੇਕ ਪ੍ਰਾਈਵੇਟ ਸੰਸਥਾ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਗਾਰਡ ਜਾਂ ਕਰਮਚਾਰੀ ਤਾਇਨਾਤ ਕਰੇ, ਜੋ ਵਾਹਨਾਂ ਨੂੰ ਨਿਰਧਾਰਤ ਪਾਰਕਿੰਗ ਵਿੱਚ ਖੜ੍ਹਾ ਕਰਵਾਉਣ ਦੀ ਜ਼ਿੰਮੇਵਾਰੀ ਨਿਭਾਏ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਲੋਕਾਂ ਦੇ ਆਵਾਜਾਈ ਲਈ ਹਨ, ਨਾ ਕਿ ਨਿੱਜੀ ਪਾਰਕਿੰਗ ਲਈ। ਇਸ ਲਈ ਗ਼ਲਤ ਪਾਰਕਿੰਗ ਕਰਨ ਵਾਲੇ ਅਦਾਰਿਆਂ ਖ਼ਿਲਾਫ਼ ਨਿਗਮ ਸਖ਼ਤ ਕਾਰਵਾਈ ਵੀ ਕਰੇਗਾ। ਮੇਅਰ ਗੋਗੀਆ ਨੇ ਕਿਹਾ ਕਿ ਸ਼ਹਿਰ ਵਿੱਚ ਆਉਣ ਵਾਲੇ ਮਰੀਜ਼ਾਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਦਾ ਧਿਆਨ ਰੱਖਦੇ ਹੋਏ ਪ੍ਰਾਈਵੇਟ ਸੰਸਥਾਵਾਂ ਨੂੰ ਆਪਣੀ ਪਾਰਕਿੰਗ ਪ੍ਰਣਾਲੀ ਢੰਗ ਨਾਲ ਬਣਾਉਣੀ ਪਵੇਗੀ। ਉਨ੍ਹਾਂ ਨੇ ਅਪੀਲ ਕੀਤੀ ਕਿ ਜੇਕਰ ਹਰ ਸੰਸਥਾ ਆਪਣਾ ਯੋਗਦਾਨ ਦੇਵੇ ਤਾਂ ਟਰੈਫ਼ਿਕ ਸਮੱਸਿਆ ’ਤੇ ਵੱਡੇ ਪੱਧਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਮੇਅਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਹਸਪਤਾਲ ਜਾਂ ਇੰਸਟੀਚਿਊਟ ਵੱਲੋਂ ਗ਼ਲਤ ਪਾਰਕਿੰਗ ਕਰਵਾਈ ਗਈ ਤਾਂ ਉਸ ਅਦਾਰੇ ਨੂੰ ਜੁਰਮਾਨਾ ਭਰਨਾ ਪਵੇਗਾ ਅਤੇ ਦੁਬਾਰਾ ਉਲੰਘਣਾ ਕਰਨ ’ਤੇ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।